Visitor:  5659439 Date:  , Nankana Sahib Time :

ਕਰਤਾਰਪੁਰ ਸਾਹਿਬ ਲਾਂਘਾ: ਸਿੱਖ ਭਾਵਨਾਵਾਂ, ਵਿਸ਼ਵ ਸ਼ਾਂਤੀ ਸੋਮਾ ਅਤੇ ਸਿਆਸੀ ਅੜਚਣਾਂ ਕਿਉਂ?

*ਸੰਸਦ ਮੈਂਬਰ ਡਾ. ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੱਤਰ ਲਿਖ ਕੇ ਇਸ ਲਾਂਘੇ ਨੂੰ ਮੁੜ ਖੋਲ੍ਹਣ ਦੀ ਅਪੀਲ

ਸਤਿਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ, ਸ੍ਰੀ ਕਰਤਾਰਪੁਰ ਸਾਹਿਬ, ਸਿੱਖ ਕੌਮ ਦੇ ਦਿਲ ਦੀ ਧੜਕਣ ਹੈ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਬਿਤਾਏ, ਸੱਚ, ਨਿਆਂ, ਅਮਨ ਅਤੇ ਕਿਰਤ ਦਾ ਸੁਨੇਹਾ ਦੁਨੀਆਂ ਨੂੰ ਦਿੱਤਾ। ਕਰਤਾਰਪੁਰ ਸਾਹਿਬ ਲਾਂਘਾ, ਜੋ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ।ਇਹ ਸਿੱਖ ਸੰਗਤਾਂ ਲਈ ਨਾ ਸਿਰਫ਼ ਧਾਰਮਿਕ ਅਸਥਾਨ ਸੀ, ਸਗੋਂ ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਦਾ ਪੁਲ ਵੀ ਸੀ। ਪਰ, ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦਿਆਂ ਇਹ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਸੀ।

ਹੁਣ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਲਾਂਘੇ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਇਹ ਪੱਤਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ, ਵਿਸ਼ਵ ਸ਼ਾਂਤੀ ਦੇ ਸੁਨੇਹੇ ਦਾ ਪ੍ਰਤੀਕ ਅਤੇ ਸਿਆਸੀ ਅੜਚਣਾਂ ਵਿਰੁਧ ਪੰਜਾਬੀਆਂ ਦੀ ਸਾਂਝੀ ਅਵਾਜ਼ ਹੈ। ਡਾ. ਧਰਮਵੀਰ ਗਾਂਧੀ ਨੇ ਆਪਣੇ ਪੱਤਰ ਵਿੱਚ ਇਸੇ ਭਾਵਨਾਤਮਕ ਮੁਦੇ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ ਸਿਰਫ਼ ਇੱਕ ਧਾਰਮਿਕ ਸਥਾਨ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਉਹ ਸੁਗੰਧੀਆਂ ਯਾਦਾਂ ਹਨ, ਜੋ ਮਨੁੱਖਤਾ ਦੀ ਰੂਹ ਨੂੰ ਰੂਹਾਨੀਅਤ ਤੇ ਅਮਨ ਨਾਲ ਜੋੜਦੀਆਂ ਹਨ। ਇਸ ਲਾਂਘੇ ਦਾ ਬੰਦ ਹੋਣਾ ਸਿੱਖ ਸੰਗਤ ਨੂੰ ਉਸ ਪਵਿੱਤਰ ਸਥਾਨ ਤੋਂ ਵਾਂਝਾ ਕਰ ਰਿਹਾ ਹੈ, ਜੋ ਉਸ ਦੀ ਅਧਿਆਤਮਿਕ ਯਾਤਰਾ ਦਾ ਅਟੁੱਟ ਹਿੱਸਾ ਹੈ।

ਅਕਾਲ ਯੂਥ ਅਤੇ ਸਿੱਖ ਜਥੇਬੰਦੀਆਂ ਨੇ ਵੀ ਇਸ ਮੰਗ ਨੂੰ ਉਠਾਇਆ, ਜਿਸ ਨੂੰ ਡਾ. ਗਾਂਧੀ ਨੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ ਕੀਤਾ ਹੈ।

ਕਰਤਾਰਪੁਰ ਸਾਹਿਬ ਲਾਂਘਾ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਦੁਨੀਆਂ ਲਈ ਸ਼ਾਂਤੀ ਦਾ ਪ੍ਰਤੀਕ ਹੈ। ਜਦੋਂ 2019 ਵਿੱਚ ਇਹ ਲਾਂਘਾ ਖੋਲ੍ਹਿਆ ਗਿਆ ਸੀ, ਤਾਂ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਦਭਾਵਨਾ ਦਾ ਇੱਕ ਸੁਨਹਿਰੀ ਮੌਕਾ ਸੀ। ਇਹ ਲਾਂਘਾ ਉਹ ਸੁਗੰਧੀ ਹਵਾ ਸੀ, ਜੋ ਸਰਹੱਦਾਂ ਦੀਆਂ ਕੰਧਾਂ ਨੂੰ ਢਾਹ ਕੇ, ਦੋ ਦੇਸਾਂ ਦੇ ਲੋਕਾਂ ਨੂੰ ਜੋੜਦੀ ਸੀ। ਸਤਿਗੁਰੂ ਨਾਨਕ ਦੇਵ ਜੀ ਦਾ ਸੁਨੇਹਾ, ਜੋ ਸਰਬੱਤ ਦੇ ਭਲੇ ਦਾ ਸੁਨੇਹਾ ਸੀ, ਇਸ ਲਾਂਘੇ ਰਾਹੀਂ ਦੁਨੀਆਂ ਤੱਕ ਪਹੁੰਚ ਰਿਹਾ ਸੀ।ਅੱਜ, ਜਦੋਂ ਦੁਨੀਆਂ ਵਿੱਚ ਤਣਾਅ ਦੀਆਂ ਲਹਿਰਾਂ ਉੱਠ ਰਹੀਆਂ ਹਨ—ਭਾਰਤ-ਪਾਕਿਸਤਾਨ, ਚੀਨ-ਅਮਰੀਕਾ, ਰੂਸ-ਯੂਕਰੇਨ, ਇਜ਼ਰਾਈਲ-ਈਰਾਨ—ਇਸ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇ ਸਕਦਾ ਹੈ। ਇਹ ਲਾਂਘਾ ਸਤਿਗੁਰੂ ਦੇ ਸੁਨੇਹੇ ਨੂੰ ਸਰਹੱਦਾਂ ਪਾਰ ਲੈ ਜਾਣ ਦਾ ਮਾਧਿਅਮ ਬਣ ਸਕਦਾ ਹੈ, ਜੋ ਸੰਸਾਰ ਨੂੰ ਪ੍ਰਮਾਣੂ ਜੰਗਾਂ ਦੇ ਖਤਰੇ ਤੋਂ ਬਚਾਉਣ ਦੀ ਤਾਕਤ ਰੱਖਦਾ ਹੈ।

ਸੁਆਲ ਇਹ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਲੀ ਦਲ ਅਤੇ ਅਕਾਲ ਤਖਤ ਵਰਗੀਆਂ ਸੰਸਥਾਵਾਂ, ਜੋ ਸਿੱਖ ਕੌਮ ਦੀ ਅਗਵਾਈ ਕਰਦੀਆਂ ਹਨ, ਵੀ ਇਸ ਮੁੱਦੇ ’ਤੇ ਚੁੱਪ ਕਿਉਂ ਹਨ?

ਸਿਆਸੀ ਤਣਾਅ ਦੇ ਚੱਲਦਿਆਂ, ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸਿਰਫ਼ ਇੱਕ ਸੜਕ ਨਹੀਂ, ਸਗੋਂ ਸਿੱਖਾਂ ਦੀ ਰੂਹ ਦਾ ਰਾਹ ਹੈ। ਜੇ ਸਰਕਾਰ ਇਸ ਨੂੰ ਮੁੜ ਖੋਲ੍ਹਣ ਵਿਚ ਦੇਰੀ ਕਰਦੀ ਹੈ, ਤਾਂ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਦੇ ਸੁਨੇਹੇ ਨੂੰ ਵੀ ਕਮਜ਼ੋਰ ਕਰਦੀ ਹੈ। ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਵੀ ਇਸ ਮੁੱਦੇ ’ਤੇ ਸਰਗਰਮ ਹੋਣ ਦੀ ਜ਼ਰੂਰਤ ਹੈ, ਤਾਂ ਜੋ ਸੰਗਤ ਦੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾ ਸਕੇ। ਸਿੱਖ ਜਥੇਬੰਦੀਆਂ ਨੂੰ ਵੀ ਇਸ ਮੁੱਦੇ ’ਤੇ ਇਕਜੁਟ ਹੋਣ ਦੀ ਜ਼ਰੂਰਤ ਹੈ, ਤਾਂ ਜੋ ਸੰਗਤ ਦੀ ਪੁਕਾਰ ਨੂੰ ਸਰਕਾਰ ਤੱਕ ਪਹੁੰਚਾਇਆ ਜਾ ਸਕੇ।

Recent Posts