Visitor:  5578185 Date:  , Nankana Sahib Time :

ਹਿੰਦੂਤਵੀ ਸ਼ਕਤੀਆਂ ਦੇ ਅੰਦਰ ਹੀ ਸੰਘ ਕਿਉਂ ਪੈ ਰਿਹਾ ਏ ਕਮਜ਼ੋਰ

4 ਜੂਨ, 2024 ਨੂੰ ਆਏ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਇਕ ਪਾਸੇ ਤਾਂ ਲੋਕਤੰਤਰ ਨੂੰ ਥੋੜ੍ਹੀ ਜਿਹੀ ਰਾਹਤ ਦਿੱਤੀ ਅਤੇ ਦੂਜੇ ਪਾਸੇ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਵੀ ਬਚਾ ਲਿਆ।

ਜੇਕਰ ਮੋਦੀ ਨੂੰ 350 ਜਾਂ ਉਸ ਤੋਂ ਵਧੇਰੇ ਸੀਟਾਂ ਮਿਲ ਜਾਂਦੀਆਂ ਤਾਂ ਹਿੰਦੂਤਵ ਵਿਚ ਸੰਘ ਦੀ ਥਾਂ ਪੂਰੀ ਤਰ੍ਹਾਂ ਨਾਲ ਮੋਦੀਤਵ ਦੀ ਸਥਾਪਨਾ ਹੋ ਜਾਂਦੀ। ਅੱਜ ਮੋਦੀ-ਸ਼ਾਹ ਦੀ ਜੋੜੀ ਉਨ੍ਹਾਂ ਦੀ ਕਿਸੇ ਵੀ ਰਾਇ ਜਾਂ ਨਿਰਦੇਸ਼ ਦੀ ਅਣਦੇਖੀ ਕਰਨ ਦੀ ਸਥਿਤੀ ਵਿਚ ਨਹੀਂ ਹੈ ਪਰ ਹੁਣ ਸੰਘ ਨੂੰ ਦੂਜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 35 ਸਾਲ ਪਹਿਲਾਂ ਸੰਘ ਵਲੋਂ ਸ਼ੁਰੂ ਕੀਤੇ ਗਏ ਰਾਮ ਮੰਦਰ ਅੰਦੋਲਨ ਜ਼ਰੀਏ ਰਾਜਨੀਤੀ ਅਤੇ ਹਿੰਦੂ ਸਮਾਜ 'ਤੇ ਆਪਣਾ ਦਬਦਬਾ ਕਾਇਮ ਕਰਨ ਦੀ ਉਸ ਦੀ ਯੋਜਨਾ ਪੂਰੀ ਹੋ ਗਈ ਹੈ, ਪਰ ਇਸ ਪ੍ਰਭੂਤਵ ਨੂੰ ਕਾਇਮ ਰੱਖਣ ਅਤੇ ਹੋਰ ਜ਼ਿਆਦਾ ਮਜ਼ਬੂਤ ਕਰਨ ਦੀਆਂ ਯੋਜਨਾਵਾਂ 'ਚ ਇਕ ਅਜੀਬ ਜਿਹੀਆਂ ਅੜਚਨਾਂ ਪੈਦਾ ਹੋ ਗਈਆਂ ਹਨ। ਜੇਕਰ ਇਹ ਅੜਚਨਾਂ ਖੱਬੇਪੱਖੀਆਂ, ਕਾਂਗਰਸੀਆਂ ਅਤੇ ਖੇਤਰੀ ਸ਼ਕਤੀਆਂ ਦੁਆਰਾ ਖੜ੍ਹੀਆਂ ਕੀਤੀਆਂ ਗਈਆਂ ਹੁੰਦੀਆਂ ਤਾਂ ਜ਼ਿਆਦਾ ਫ਼ਿਕਰ ਦੀ ਗੱਲ ਨਹੀਂ ਸੀ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੀਆਂ ਬਹੁਤ ਸਾਰੀਆਂ ਤਰਕੀਬਾਂ ਸੰਘ ਪਰਿਵਾਰ ਕੋਲ ਹਨ। ਇਹ ਤਾਂ ਹਿੰਦੂਤਵ ਦੀ ਪੈਰੋਕਾਰੀ ਕਰਨ ਵਾਲੀਆਂ ਅਜਿਹੀਆਂ ਸ਼ਕਤੀਆਂ ਦੀ ਕਾਰਿਸਤਾਨੀ ਹੈ, ਜਿਨ੍ਹਾਂ ਨੂੰ ਮੋਟੇ ਤੌਰ 'ਤੇ ਸੰਘ ਪਰਿਵਾਰ ਦੀਆਂ ਮਿੱਤਰ-ਸ਼ਕਤੀਆਂ ਦੀ ਸੰਗਿਆ ਹੀ ਦਿੱਤੀ ਜਾ ਸਕਦੀ ਹੈ। ਵੱਧ ਤੋਂ ਵੱਧ ਸੰਘ ਉਨ੍ਹਾਂ ਨੂੰ 'ਨਾਸਮਝ', 'ਗ਼ੈਰ-ਯੋਜਨਾਬੱਧ' ਅਤੇ 'ਗ਼ੈਰ-ਜ਼ਰੂਰੀ' ਹੀ ਕਰਾਰ ਦੇ ਸਕਦਾ ਹੈ। ਬਾਵਜੂਦ ਇਸ ਦੇ ਕਿ ਸਰਸੰਘਚਾਲਕ ਮੋਹਨ ਭਾਗਵਤ ਨੇ ਉਨ੍ਹਾਂ ਨੂੰ 'ਅਸਵਿਕਾਰ' ਕਰਾਰ ਦੇ ਦਿੱਤਾ ਹੈ ਪਰ ਮੋਦੀ ਜਾਂ ਯੋਗੀ ਸਰਕਾਰ ਰਾਹੀਂ ਉਹ ਉਨ੍ਹਾਂ ਦਾ ਦਮਨ ਨਹੀਂ ਕਰਵਾ ਸਕਦੇ। ਨਾ ਤਾਂ 'ਅਰਬਨ ਨਕਸਲ' ਜਾਂ 'ਟੁਕੜੇ-ਟੁਕੜੇ ਗੈਂਗ' ਦੀ ਤਰਜ਼ 'ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕੋਈ ਹੋਰ 'ਨੈਰੇਟਿਵ' ਚਲਾਇਆ ਜਾ ਸਕਦਾ ਹੈ। ਫਿਲਹਾਲ ਸਰਸੰਘਚਾਲਕ ਉਨ੍ਹਾਂ ਨੂੰ ਨਸੀਹਤ ਦੇਣ 'ਚ ਲੱਗੇ ਹੋਏ ਹਨ। ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਇਹੀ ਕੰਮ 'ਹਰ ਮਸਜਿਦ ਦੇ ਹੇਠਾਂ ਸ਼ਿਵਲਿੰਗ ਕਿਉਂ ਲੱਭਣਾ' ਕਹਿ ਕੇ ਕੀਤਾ ਸੀ। ਹੁਣ ਨਸੀਹਤ ਦੇ ਦੂਜੇ ਦੌਰ ਵਿਚ ਉਨ੍ਹਾਂ ਕਿਹਾ ਹੈ ਕਿ 'ਰੋਜ਼ ਨਵੇਂ ਮੁੱਦੇ ਚੁੱਕ ਕੇ ਨਫ਼ਰਤ-ਦੁਸ਼ਮਣੀ ਫੈਲਾਉਣਾ ਉੱਚਿਤ ਨਹੀਂ ਹੈ।'

ਇਸ ਮਾਮਲੇ 'ਚ ਪਹਿਲੀ ਮੁਸ਼ਕਿਲ ਇਹ ਹੈ ਕਿ ਰਾਮ ਮੰਦਰ ਅੰਦੋਲਨ ਨੂੰ ਸਫਲ ਕਰਨ ਲਈ ਸੰਘ ਨੇ ਜੋ ਰਾਜਨੀਤਕ ਤਕਨਾਲੋਜੀ ਘੜੀ ਸੀ, ਉਸ ਨੂੰ ਕਿਸੇ ਗ਼ੈਰ-ਸੰਘੀ ਹਿੰਦੂਤਵਵਾਦੀ ਸੰਗਠਨ ਜਾਂ ਵਿਅਕਤੀ ਵਲੋਂ ਇਸਤੇਮਾਲ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਪਿਛਲੇ ਸਾਢੇ ਤਿੰਨ ਦਹਾਕਿਆਂ 'ਚ ਇਸੇ ਤਕਨਾਲੋਜੀ ਜ਼ਰੀਏ ਹੀ ਤਾਂ ਬਹੁਸੰਖਿਆਵਾਦੀ ਸ਼ੇਰ ਨੂੰ ਲੋਕਤੰਤਰ ਅਤੇ ਪੰਥਵਾਦ (ਸਰਬ ਧਰਮ ਸਮਭਾਵ) ਦੀਆਂ ਜ਼ੰਜੀਰਾਂ ਤੋਂ ਮੁਕਤ ਕਰ ਕੇ ਖੁੱਲ੍ਹਾ ਛੱਡਿਆ ਗਿਆ ਸੀ। ਹੁਣ ਇਸ ਗਰਜਦੇ ਫਿਰਦੇ ਸ਼ੇਰ ਦੀ ਹਰ ਕੋਈ ਸਵਾਰੀ ਕਰਨਾ ਚਾਹੁੰਦਾ ਹੈ, ਪਰ ਰਾਜਨੀਤਕ ਹਾਲਾਤ ਬਦਲ ਗਏ ਹਨ। ਕੇਂਦਰ ਅਤੇ ਬਹੁਤ ਸਾਰੇ ਰਾਜਾਂ ਵਿਚ ਕਾਂਗਰਸ ਦੀ ਨਹੀਂ, ਸਗੋਂ ਸੰਘ ਦੁਆਰਾ ਸਥਾਪਿਤ ਭਾਜਪਾ ਦੀਆਂ ਸਰਕਾਰਾਂ ਹਨ। ਹੁਣ ਨਵਾਂ ਰਾਮ ਜਨਮ ਭੂਮੀ ਅੰਦੋਲਨ ਨਹੀਂ ਚਲਾਇਆ ਜਾ ਸਕਦਾ। ਇਕ ਵਾਰ ਫਿਰ ਤੋਂ ਦਿੱਲੀ ਦੀ ਜਾਮਾ ਮਸਜਿਦ ਅਤੇ ਅਜਮੇਰ ਦੀ ਦਰਗਾਹ 'ਤੇ ਕਾਰਸੇਵਕਾਂ ਦੀ ਨਵੀਂ ਪੀੜ੍ਹੀ ਹਮਲਾ ਨਹੀਂ ਬੋਲ ਸਕਦੀ। ਇਸ ਨਾਲ ਗ੍ਰਹਿਯੁੱਧ ਵਾਲੀ ਸਥਿਤੀ ਬਣ ਜਾਵੇਗੀ। ਦੁਨੀਆ ਪੱਧਰ 'ਤੇ ਮੋਦੀ ਸਰਕਾਰ ਦੀ ਨੱਕ ਵੱਢੇ ਜਾਣ ਦਾ ਡਰ ਹੈ। ਉਂਜ ਵੀ ਇਤਿਹਾਸ ਨੂੰ ਦੁਹਰਾਉਣਾ ਨਾਮੁਮਕਿਨ ਹੀ ਹੁੰਦਾ ਹੈ। ਇਸ ਲਈ ਹੁਣ ਮੋਹਨ ਭਾਗਵਤ ਨੂੰ ਹਿੰਦੂ ਧਰਮ ਦੀ ਉਦਾਰਤਾ ਅਤੇ ਗ੍ਰਹਿਣਸ਼ੀਲਤਾ ਯਾਦ ਆ ਰਹੀ ਹੈ। ਉਨ੍ਹਾਂ ਨੂੰ ਯਾਦ ਦਿਵਾਉਣਾ ਪੈ ਰਿਹਾ ਹੈ ਕਿ ਰਾਮਕ੍ਰਿਸ਼ਨ ਮਿਸ਼ਨ ਵਿਚ ਕ੍ਰਿਸਮਸ ਮਨਾਇਆ ਜਾਂਦਾ ਹੈ।

ਦੂਜੀ ਮੁਸ਼ਕਿਲ ਵਿਵਹਾਰਕ ਰਾਜਨੀਤੀ ਦੀ ਹੈ। ਖ਼ੁਦ ਭਾਜਪਾ ਦੀ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਖੁੱਲ੍ਹੀ ਹੱਲਾਸ਼ੇਰੀ ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਸੰਭਲ 'ਚ ਅੱਜ ਵੀ ਹਿੰਦੂਤਵ ਦੀ ਇਹੀ ਰਾਜਨੀਤਕ ਤਕਨਾਲੋਜੀ ਖੁੱਲ੍ਹ ਕੇ ਵਰਤੀ ਜਾ ਰਹੀ ਹੈ। ਜਾਟ ਭਾਈਚਾਰੇ ਦੀ ਕਿਸਾਨ ਅੰਦੋਲਨ ਅਧੀਨ ਨਾਰਾਜ਼ਗੀ ਅਤੇ ਜਾਤੀਆਂ ਦੇ ਉਭਾਰ ਦੀ ਕਾਟ ਕਰਨ ਲਈ ਜੇਕਰ ਪੱਛਮੀ ਉੱਤਰ ਪ੍ਰਦੇਸ਼ ਦਾ ਇਕ ਵਾਰ ਫਿਰ ਤੋਂ ਹਿੰਦੂਕਰਨ ਨਾ ਹੋਇਆ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਈ ਹਾਰ 2029 ਦੀਆਂ ਲੋਕ ਸਭਾ ਚੋਣਾਂ ਤੱਕ ਪਹੁੰਚ ਸਕਦੀ ਹੈ। ਇਸ ਲਈ ਮੋਹਨ ਭਾਗਵਤ ਯੋਗੀ ਸਰਕਾਰ ਨੂੰ ਸੰਭਲ ਵਿਚ ਸਰਵੇ-ਖੁਦਾਈ ਅਤੇ 40 ਸਾਲ ਤੋਂ ਬੰਦ ਪਏ ਸੰਭਲੇਸ਼ਵਰ ਮਹਾਂਦੇਵ ਦੀ ਪੁਨਰਸਥਾਪਨਾ ਰੋਕਣ ਦਾ ਸੁਝਾਅ ਦੇਣ ਲਈ ਤਿਆਰ ਨਹੀਂ ਹਨ।

ਤੀਜੀ ਮੁਸ਼ਕਿਲ ਮੋਹਨ ਭਾਗਵਤ ਦੇ ਬਿਆਨ 'ਤੇ ਆਈਆਂ ਅਣਗਿਣਤ ਹਿੰਦੂਤਵਵਾਦੀ ਪ੍ਰਤੀਕਿਰਿਆਵਾਂ ਦੀ ਹੈ। ਜ਼ਾਹਿਰ ਹੈ ਕਿ ਸਾਰੇ ਹਿੰਦੂਤਵਵਾਦੀ ਸੰਘ ਦੇ ਸੋਇਮ ਸੇਵਕ ਨਹੀਂ ਹੁੰਦੇ। 'ਐਕਸ' (ਟਵਿੱਟਰ) ਦੇ ਇਕ ਭੜਕਾਊ ਸੱਜੇਪੱਖੀ ਖਾਤੇ (ਲਗਭਗ ਹਰ ਮਾਮਲੇ 'ਚ ਮੋਦੀ ਸਰਕਾਰ ਦਾ ਸਮਰਥਕ) 'ਤੇ ਲਿਖੇ ਕੁਝ ਬਿਆਨ ਇਸ ਦੀ ਸਪੱਸ਼ਟ ਉਦਾਹਰਨ ਪੇਸ਼ ਕਰਦੇ ਹਨ: 'ਭਾਗਵਤ ਜੀ... ਤੁਹਾਨੂੰ ਅਪੀਲ ਹੈ ਕਿ ਤੁਸੀਂ ਸਿਰਫ਼ ਆਪਣੀ ਗੱਲ ਕਰੋ, ਹਿੰਦੂਆਂ ਨੇ ਕਿਹੜੇ ਮੰਦਰ ਦੀ ਗੱਲ ਚੁੱਕਣੀ ਹੈ, ਕਿਹੜੇ ਦੀ ਨਹੀਂ, ਉਸ 'ਤੇ ਨਾ ਬੋਲੋ। ਰਾਮ ਮੰਦਰ ਆਸਥਾ ਸੀ ਅਤੇ ਸੰਭਲ ਦਾ ਹਰਿਹਰ ਮੰਦਰ ਨਫ਼ਰਤ ਕਾਰਨ ਜ਼ਰੂਰੀ ਹੋ ਗਿਆ ਹੈ? ਤੁਹਾਨੂੰ ਦੁਸ਼ਮਣ ਨਾਲ ਪਿਆਰ ਦੀ ਸੰਭਾਵਨਾ ਦਿਖਾਈ ਦਿੰਦੀ ਹੈ ਤਾਂ ਤੁਸੀਂ ਦੇਖੋ। ਘਰ ਦੇ ਦਰਵਾਜ਼ੇ ਖੋਲ੍ਹੋ। ਹਿੰਦੂਆਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ, ਉਹ ਆਪ ਹਿੰਦੂਆਂ 'ਤੇ ਛੱਡ ਦਿਓ।' ਇਹ ਪ੍ਰਤੀਕਿਰਿਆ ਸ਼ਾਲੀਨ ਕਿਸਮ ਦੀ ਹੈ। ਭਾਗਵਤ ਜੀ ਨੂੰ ਬੁਰੀ ਤਰ੍ਹਾਂ ਨਾਲ ਲਲਕਾਰਨ ਅਤੇ ਝਿੜਕਣ ਵਾਲੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।

ਇਸੇ ਨਾਲ ਜੁੜੀ ਹੋਈ ਚੌਥੀ ਮੁਸ਼ਕਿਲ ਇਹ ਹੈ ਕਿ ਸੰਘ ਵਲੋਂ ਹਿੰਦੂਤਵ ਦਾ ਇਕਲੌਤਾ ਪੰਚ (ਮੋਹਰੀ ਆਗੂ) ਬਣਨ ਦੀ ਦਾਅਵੇਦਾਰੀ 'ਤੇ ਇਹ ਪੂਰਾ ਘਟਨਾਕ੍ਰਮ ਇਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਜਦੋਂ ਬਾਲ ਠਾਕਰੇ ਜਿਊਂਦੇ ਸਨ ਤਾਂ ਉਹ ਸੰਘ ਦੀ ਇਸ ਇਜਾਰੇਦਾਰੀ ਨੂੰ ਚੁਣੌਤੀ ਦਿੰਦੇ ਰਹਿੰਦੇ ਸਨ। ਬਾਬਰੀ ਮਸਜਿਦ ਢਾਹੁਣ ਦਾ ਸਿਹਰਾ ਉਨ੍ਹਾਂ ਨੇ ਉਸ ਸਮੇਂ ਅੱਗੇ ਹੋ ਕੇ ਲਿਆ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਦਾ ਸਿਹਰਾ ਲੈਣ ਤੋਂ ਗੁਰੇਜ਼ ਕਰ ਰਹੇ ਸਨ। ਇਕ ਜ਼ਮਾਨੇ 'ਚ ਤਾਂ ਗੋਰਖਪੀਠ ਦੇ ਮਹੰਤ ਅਵੈਧਨਾਥ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਯੋਗੀ ਆਦਿੱਤਿਆਨਾਥ ਵੀ ਸੰਘ ਅਤੇ ਭਾਜਪਾ ਦੀ ਲਾਈਨ ਮੰਨਣ ਤੋਂ ਇਨਕਾਰ ਕਰਦੇ ਰਹਿੰਦੇ ਸਨ। ਹਿੰਦੂਤਵ ਦੇ ਸੰਭਲ ਘਟਨਾਕ੍ਰਮ ਦੇ ਪਿਛੋਕੜ 'ਚ ਵੀ ਕਲਕੀ ਪੀਠ ਦੇ ਉਹ ਕਰਤਾ-ਧਰਤਾ ਦਿਖਾਈ ਦੇ ਸਕਦੇ ਹਨ, ਜਿਨ੍ਹਾਂ ਦਾ ਸੰਘ ਦੀਆਂ ਕਤਾਰਾਂ ਨਾਲ ਕੋਈ ਇਤਿਹਾਸਕ ਸੰਬੰਧ ਨਹੀਂ ਹੈ। ਜਿਸ ਤਰ੍ਹਾਂ ਕਦੇ ਸਾਰੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਾਜਵਾਦੀ ਹੁੰਦੇ ਸਨ, ਉਸੇ ਤਰ੍ਹਾਂ ਹੁਣ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਹਿੰਦੂਤਵਵਾਦੀ ਹੋਣ ਲੱਗੇ ਹਨ।

ਸਵਾਲ ਇਹ ਹੈ ਕਿ ਇਨ੍ਹਾਂ ਤਰ੍ਹਾਂ-ਤਰ੍ਹਾਂ ਦੇ ਨਵੇਂ-ਪੁਰਾਣੇ ਹਿੰਦੂਤਵਵਾਦੀਆਂ ਨੂੰ ਸੰਘ ਕਿਵੇਂ ਅਨੁਸ਼ਾਸਿਤ ਕਰੇਗਾ? ਸੰਘ ਵਲੋਂ ਆਪਣੀ ਨਫਰਤ ਦੀ ਫੈਕਟਰੀ ਵਿਚ ਸਿਰਜੇ ਭੂਤਾਂ ਨੂੰ ਕੰਟਰੋਲ ਕਰਨਾ ਔਖਾ ਹੋ ਰਿਹਾ ਹੈ।