Visitor:  5649001 Date:  , Nankana Sahib Time :

ਸਿੱਖ ਵਿਗਿਆਨੀ ਹਰਪਿੰਦਰ ਰੰਧਾਵਾ ਨੇ ਕਣਕ ਦੀਆਂ ਦਰਜਨ ਕਿਸਮਾਂ ਤਿਆਰ ਕੀਤੀਆਂ

*ਕੈਨੇਡਾ ਦੇ ਖੇਤੀਬਾੜੀ ਵਿਭਾਗ ਵਿੱਚ ਸੀਨੀਅਰ ਰਿਸਰਚ ਸਾਇੰਟਿਸਟ ਨੇ ਰੰਧਾਵਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਯੂਨੀਵਰਿਸਟੀ ਆਫ਼ ਸਸਕੈਚਵਨ ਤੋਂ ਪੜ੍ਹਾਈ ਕਰ ਚੁੱਕੇ ਹਰਪਿੰਦਰ ਸਿੰਘ ਰੰਧਾਵਾ ਕਣਕ ਦੀਆਂ ਦਰਜਨ ਦੇ ਕਰੀਬ ਕਿਸਮਾਂ ਤਿਆਰ ਕਰਕੇ ਕੈਨੇਡੀਅਨ ਕਿਸਾਨਾਂ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਖ਼ਤਮ ਕਰਨ ਵਿੱਚ ਮਦਦ ਕਰ ਚੁੱਕੇ ਹਨ Iਰੰਧਾਵਾ ਇਸ ਸਮੇਂ ਕੈਨੇਡਾ ਦੇ ਖੇਤੀਬਾੜੀ ਵਿਭਾਗ ਵਿੱਚ ਐਲਬਰਟਾ ਸੂਬੇ ਦੇ ਲੈਥਬ੍ਰਿਜ ਸ਼ਹਿਰ 'ਚ ਸੀਨੀਅਰ ਰਿਸਰਚ ਸਾਇੰਟਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਰਪਿੰਦਰ ਰੰਧਾਵਾ ਨੇ ਖੇਤੀਬਾੜੀ ਦੀ ਮਾਸਟਰ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕਰਨ ਤੋਂ ਬਾਅਦ ਕੁਝ ਸਮਾਂ ਪੰਜਾਬ ਵਿੱਚ ਨੌਕਰੀ ਕੀਤੀ ਅਤੇ 1997 ਵਿੱਚ ਕੈਨੇਡਾ ਦਾ ਰੁੱਖ ਕੀਤਾ Iਹਰਪਿੰਦਰ ਰੰਧਾਵਾ ਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਬਾਅਦ ਇਕ ਚੰਗੀ ਨੌਕਰੀ ਲਈ ਉਨਾਂ ਨੂੰ ਕਾਫ਼ੀ ਤਲਾਸ਼ ਕਰਨੀ ਪਈ ਅਤੇ ਉਨਾਂ ਨੇ ਪੀਐਚਡੀ ਕਰਨ ਦਾ ਸੋਚਿਆ।

ਰੰਧਾਵਾ ਨੇ ਸਸਕੈਚਵਨ ਪ੍ਰੋਵਿੰਸ ਵਿੱਚ ਯੂਨੀਵਰਿਸਟੀ ਆਫ਼ ਸਸਕੈਚਵਨ ਤੋਂ ਪੀਐਚਡੀ ਕੀਤੀ I ਕੁਝ ਸਮਾਂ ਯੂਐਸ ਵਿੱਚ ਕੰਮ ਕਰਨ ਉਪਰੰਤ ਰੰਧਾਵਾ ਨੇ 2007 ਤੋਂ ਕੈਨੇਡਾ ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਕਿਸਾਨਾਂ ਲਈ ਦਰਜਨ ਕਿਸਮਾਂ ਤਿਆਰ ਕਰਨ ਦਾ ਮਾਣ

ਹਰਪਿੰਦਰ ਰੰਧਾਵਾ ਨੇ ਦੱਸਿਆ ਕਿ ਕੈਨੇਡਾ ਵਿੱਚ ਕਣਕ ਦੀ ਪੈਦਾਵਾਰ ਲੋੜ ਤੋਂ ਵਧੇਰੇ ਹੈ ਅਤੇ ਕਣਕ ਹੋਰਨਾਂ ਦੇਸ਼ਾਂ ਨੂੰ ਭੇਜੀ ਜਾਂਦੀ ਹੈ I ਰੰਧਾਵਾ ਨੇ ਕਿਹਾ ਕੈਨੇਡਾ ਵੱਲੋਂ 100 ਦੇ ਕਰੀਬ ਦੇਸ਼ਾਂ ਨੂੰ ਕਣਕ ਭੇਜੀ ਜਾਂਦੀ ਹੈ , ਜਿੱਥੇ ਇਹ ਬਰੈਡ , ਪਾਸਤਾ , ਆਟੇ ਸਮੇਤ ਵੱਖ ਵੱਖ ਤਰੀਕਿਆਂ ਨਾਲ ਖਾਧੀ ਜਾਂਦੀ ਹੈ I ਇਸ ਲਈ ਅਸੀਂ ਉਕਤ ਦੇਸ਼ਾਂ ਦੇ ਹਿਸਾਬ ਨਾਲ ਕਣਕ ਦੀਆਂ ਵੱਖ ਵੱਖ ਕਿਸਮਾਂ ਲਗਾਤਾਰ ਤਿਆਰ ਕਰਦੇ ਰਹਿੰਦੇ ਹਾਂ I ਆਪਣੇ ਕੰਮ ਬਾਰੇ ਦੱਸਦਿਆਂ ਰੰਧਾਵਾ ਨੇ ਕਿਹਾ ਕਿ ਉਨਾਂ ਨੇ ਆਪਣੀਆਂ ਕਿਸਮਾਂ ਨਾਲ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਹੈ Iਅਸੀਂ ਵੈਸਟਲੌਕ ਕਿਸਮ ਨਾਲ ਕਣਕ ਨੂੰ ਲੱਗਣ ਵਾਲੀ ਉੱਲੀ ਦੀ ਰੋਕਥਾਮ ਕੀਤੀ I ਇਸਤੋਂ ਇਲਾਵਾ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਪੀਲੀ ਕੁੰਗੀ ਦੀ ਸਮੱਸਿਆ ਨਹੀਂ ਆਉਂਦੀ।

ਕਣਕ ਉੱਪਰ ਹੀ ਕੰਮ ਕਰਨ ਬਾਰੇ ਸਵਾਲ ਦੇ ਜਵਾਬ ਵਿੱਚ ਰੰਧਾਵਾ ਨੇ ਕਿਹਾ ਇਕ ਕਿਸਾਨੀ ਪਰਿਵਾਰ ਵਿੱਚੋਂ ਹੋਣ ਕਰਕੇ ਮੇਰਾ ਲਗਾਅ ਖੇਤੀ ਨਾਲ ਸੀ I ਪੜ੍ਹਾਈ ਦੌਰਾਨ ਵੀ ਮੈਂ ਕਣਕ ਦੀਆਂ ਕਿਸਮਾਂ ਉੱਪਰ ਕੰਮ ਕੀਤਾ , ਜਿਸ ਨਾਲ ਮੇਰਾ ਲਗਾਅ ਇਸ ਫ਼ਸਲ ਨਾਲ ਲਗਾਤਾਰ ਵਧਦਾ ਗਿਆ I ਹਰਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿੱਥੇ ਨਵੀਂ ਕਿਸਮ ਤਿਆਰ ਕਰਨਾ ਇਕ ਚੁਣੌਤੀਪੂਰਨ ਕੰਮ ਹੈ , ਉਥੇ ਹੀ ਨਾਮ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ I ਰੰਧਾਵਾ ਨੇ ਕਿਹਾ ਸਾਨੂੰ ਅਜਿਹਾ ਨਾਮ ਰੱਖਣਾ ਪੈਂਦਾ ਹੈ ਜੋ ਦੁਨੀਆ ਵਿੱਚ ਕਿਸੇ ਹੋਰ ਨੇ ਨਾ ਰੱਖਿਆ ਹੋਵੇ I ਰੰਧਾਵਾ ਨੇ ਕਿਹਾ ਮੈਂ ਆਪਣੀਆਂ ਤਿਆਰ ਕੀਤੀਆਂ ਕਿਸਮਾਂ ਦਾ ਨਾਮ ਕਣਕ ਦੇ ਵੱਖ ਵੱਖ ਗੁਣਾਂ , ਕੈਨੇਡਾ ਦੇ ਸ਼ਹਿਰਾਂ ਅਤੇ ਖਿੱਤਿਆਂ ਦੇ ਨਾਮ 'ਤੇ ਰੱਖਦਾ ਹਾਂ।

ਹਰਪਿੰਦਰ ਰੰਧਾਵਾ ਵੱਲੋਂ ਆਪਣੀ ਇਕ ਕਿਸਮ ਦਾ ਨਾਮ ਇੰਡਸ ਰੱਖਿਆ ਗਿਆ ਜੋ ਕਿ ਸਿੰਧੂ ਘਾਟੀ ਸੱਭਿਅਤਾ ਤੋਂ ਲਿਆ ਗਿਆ ਹੈ I ਇਸਤੋਂ ਇਲਾਵਾ ਐਲਬਰਟਾ ਦੇ ਸ਼ਹਿਰ , ਕਰੌਸਫ਼ੀਲਡ ਅਤੇ ਵੈਸਟਲੌਕ ਉੱਪਰ ਵੀ ਨਾਮ ਰੱਖੇ ਗਏ ਹਨ।

ਹਰਪਿੰਦਰ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੋਈ ਸਮੱਸਿਆ ਆਉਣ 'ਤੇ ਉਸਦਾ ਹੱਲ ਕਰਨ ਲਈ ਵਿਗਿਆਨੀਆਂ ਨੂੰ ਵਿਤੀ ਇਮਦਾਦ ਦਿੱਤੀ ਜਾਂਦੀ ਹੈ Iਉਨਾਂ ਦੱਸਿਆ ਕਿ ਵਿਗਿਆਨੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਨਵੀਂ ਕਿਸਮ ਦਾ ਬੀਜ ਤਿਆਰ ਕਰਦਾ ਹੈ, ਜਿਸਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਬੋਲੀ ਲਗਾ ਕੇ ਬੀਜ ਖ਼ਰੀਦ ਕੇ ਵੱਧ ਪੈਦਾਵਾਰ ਕਰਦੀਆਂ ਹਨ , ਜੋ ਕਿ ਵਿਕਰੀ ਲਈ ਤਿਆਰ ਹੁੰਦਾ ਹੈ I ਬੀਜ ਦੀ ਵਿਕਰੀ ਕਰਕੇ ਕੰਪਨੀਆਂ ਕੁਝ ਹਿੱਸਾ ਸਰਕਾਰੀ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੇ ਸੰਗਠਨਾਂ ਨੂੰ ਦਿੰਦੀਆਂ ਹਨ I ਹਰਪਿੰਦਰ ਰੰਧਾਵਾ ਨੇ ਕਿਹਾ ਕਿ ਕੋਈ ਵੀ ਨਵੀਂ ਕਿਸਮ ਨੂੰ ਤਿਆਰ ਹੋਣ ਵਿੱਚ ਦਹਾਕੇ ਦਾ ਸਮਾਂ ਲੱਗ ਜਾਂਦਾ ਹੈ ਪਰ ਅਸੀਂ ਸਮੇਂ ਨੂੰ ਘੱਟ ਕਰਨ ਲਈ ਕਈ ਤਕਨੀਕਾਂ ਦੀ ਵਰਤੋਂ ਕਰਦੇ ਹਾਂ Iਰੰਧਾਵਾ ਨੇ ਦੱਸਿਆ ਕਿ ਖ਼ੋਜ ਦੇ ਲਈ ਉਹ ਕੈਨੇਡਾ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਨੂੰ ਵੀ ਚੁਣਦੇ ਹਨ I ਉਨਾਂ ਕਿਹਾ ਕੈਨੇਡਾ ਵਿੱਚ ਕਣਕ ਸਾਲ ਵਿੱਚ ਸਿਰਫ਼ ਇਕ ਵਾਰ ਹੁੰਦੀ ਹੈ ਅਤੇ ਅਜਿਹੇ ਵਿੱਚ ਨਵੀਂ ਕਿਸਮ ਪੈਦਾ ਕਰਨ ਦੇ ਸਮੇਂ ਨੂੰ ਘਟਾਉਣ ਲਈ ਅਸੀਂ ਉਹੀ ਕਿਸਮ ਨੂੰ ਹੋਰਨਾਂ ਦੇਸ਼ਾਂ ਵਿੱਚ ਵੀ ਟੈਸਟ ਕਰਦੇ ਹਾਂ।

ਖੇਤੀਬਾੜੀ ਵਿਗਿਆਨੀ ਹਰਪਿੰਦਰ ਸਿੰਘ ਰੰਧਾਵਾ ਮੁਤਾਬਿਕ ਨਿਊਜ਼ੀਲੈਂਡ ਅਤੇ ਚਿੱਲੀ ਵਰਗੇ ਦੇਸ਼ਾਂ ਵਿੱਚ ਉਸ ਸਮੇਂ ਕਣਕ ਦੀ ਬਿਜਾਈ ਹੁੰਦੀ ਹੈ ਜਦੋਂ ਕੈਨੇਡਾ ਵਿੱਚ ਬਰਫ਼ ਪੈ ਰਹੀ ਹੁੰਦੀ ਹੈ ਅਤੇ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ।

Recent Posts