Visitor:  5433846 Date:  , Nankana Sahib Time :

ਅਕਾਲੀਆਂ ਤੇ ਕਾਂਗਰਸੀਆਂ ਦਾ ਗੜ੍ਹ ਰਿਹਾ ਹਲਕਾ ਖਡੂਰ ਸਾਹਿਬ

ਮਾਝੇ, ਮਾਲਵੇ ਤੇ ਦੁਆਬੇ ਵਿਚ ਫੈਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਇਸ ਵਾਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਤੇ ਅਕਾਲੀ ਦਲ ਦੇ ਗੜ੍ਹ ਰਹੇ ਇਸ ਹਲਕੇ ’ਵਿਚ ਇਸ ਵਾਰ ‘ਆਪ’ ਦੇ ਨਾਲ ਭਾਜਪਾ ਵੀ ਮੈਦਾਨ ਵਿਚ ਹੈ ।

ਖਡੂਰ ਸਾਹਿਬ ਹਲਕਾ ਜੋ ਪਹਿਲਾਂ ਤਰਨਤਾਰਨ ਹਲਕਾ ਹੋਇਆ ਕਰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਆਦਾ ਕਬਜ਼ਾ ਰਿਹਾ ਹੈ। ਸ਼੍ਰੋਮਣੀ ਅਕਾਲੀ ਤੋਂ ਵੱਖ ਹੋ ਕੇ ਪਹਿਲੀ ਵਾਰ ਮੈਦਾਨ ਵਿੱਚ ਆਈ ਭਾਜਪਾ ਲਈ ਇਸ ਹਲਕੇ ਤੋਂ ਜਿੱਤਣਾ ਆਸਾਨ ਨਹੀਂ ਹੈ,ਕਿਉਂ ਪੇਂਡੂ ਹਲਕਿਆਂ ਵਿਚ ਭਾਜਪਾ ਦਾ ਪ੍ਰਭਾਵ ਨਹੀਂ।

ਪੰਜਾਬ ਦੇ ਤਿੰਨਾਂ ਖਿੱਤਿਆਂ ਵਿੱਚ ਫੈਲੇ ਇਸ ਹਲਕੇ ਵਿੱਚ ਤਰਨਤਾਰਨ ਤੋਂ ਬਾਅਦ ਜਦੋਂ ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਬਣਨ ਤੋਂ ਬਾਅਦ ਇਸ ਦੇ 9 ਵਿਧਾਨ ਸਭਾ ਹਲਕਿਆਂ ’ਚ ਦੁਆਬੇ ਦੇ ਦੋ ਹਲਕੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ , ਮਾਲਵੇ ਦਾ ਇਕ ਜ਼ੀਰਾ ਅਤੇ ਮਾਝੇ ਦੇ ਛੇ ਹਲਕੇ ਤਰਨਤਾਰਨ ,ਪੱਟੀ, ਵਲਟੋਹਾ,ਖਡੂਰ ਸਾਹਿਬ, ਬਿਆਸ, ਜੰਡਿਆਲਾ ਗੁਰੂ ਸ਼ਾਮਲ ਕਰ ਲਏ ਗਏ।

ਭਾਵੇਂ ਆਪ ਇਸ ਹਲਕੇ ਅਧੀਨ ਆਉਂਦੇ ਸੱਤ ਵਿਧਾਨ ਸਭਾ ਹਲਕਿਆਂ ਉਪਰ ਕਾਬਜ਼ ਹੈ ਅਤੇ ਇਸ ਹਲਕੇ ਵਿੱਚ ਲਾਲਜੀਤ ਭੁੱਲਰ ਤੋਂ ਇਲਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਹਲਕਾ ਵੀ ਆਉਂਦਾ ਹੈ ਪਰ ਚੁਣੌਤੀਆਂ ਪੂਰੀਆਂ ਹਨ।

ਕਪੂਰਥਲਾ ਵਿਧਾਨ ਸਭਾ ਹਲਕਾ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦੇ ਕਬਜ਼ੇ ਵਿਚ ਹੈ ਅਤੇ ਸੁਲਤਾਨਪੁਰ ਲੋਧੀ ਉਨ੍ਹਾਂ ਦੇ ਬੇਟੇ ਦੇ ਕਬਜ਼ੇ ਵਿੱਚ ਹੈ। ਪੱਟੀ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਨਾਲ ਸਬੰਧਿਤ ਪਹਿਲਾਂ ਵੀ ਦੋ ਸੰਸਦ ਮੈਂਬਰ ਤਰਨਤਾਰਨ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ।ਜਿਨ੍ਹਾਂ ਵਿਚ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ, ਜੋ ਵੱਡੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਸਨ, ਨੇ 1992 ਅਤੇ ਸ਼੍ਰੋਮਣੀ ਅਕਾਲੀ ਦੇ ਮੇਜਰ ਸਿੰਘ ਉੱਬੋਕੇ ਨੇ ਵੀ 1996 ਵਿਚ ਇਥੋਂ ਜਿੱਤ ਪ੍ਰਾਪਤ ਕੀਤੀ ਸੀ।

ਜ਼ਿਆਦਾਤਰ ਅਕਾਲੀ ਦਲ ਦਾ ਰਿਹਾ ਦਬਦਬਾ

ਇਸ ਹਲਕੇ ’ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਅਕਾਲੀ ਦਲ ਇਥੋਂ ਜ਼ਿਆਦਾ ਵਾਰ ਜਿੱਤ ਪ੍ਰਾਪਤ ਕਰਦਾ ਰਿਹਾ ਹੈ। 1952 ਤੋਂ 2004 ਤਕ ਲੋਕ ਸਭਾ ਹਲਕਾ ਤਰਨਤਾਰਨ ਰਹੇ ਇਸ ਹਲਕੇ ਤੋਂ ਵਾਰ-ਵਾਰ ਕਾਂਗਰਸ ਤੇ ਅਕਾਲੀ ਦਲ ਨੂੰ ਜਿੱਤ ਮਿਲਦੀ ਰਹੀ ਹੈ। 1952, 1957 ਅਤੇ 1962 ਵਿਚ ਕਾਂਗਰਸ ਦੇ ਸੁਰਜੀਤ ਸਿੰਘ ਮਜੀਠੀਆ ਨੇ ਜਿੱਤ ਦੀ ਹੈਟ੍ਰਿਕ ਬਣਾਈ ਸੀ।

ਜਦੋਂ ਕਿ ਉਨ੍ਹਾਂ ਤੋਂ ਬਾਅਦ ਲਗਾਤਾਰ ਦੋ ਵਾਰ ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ 1967 ਤੇ 1971 ’ਚ ਤਰਨਤਾਰਨ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਅਤੇ ਲੋਕ ਸਭਾ ਦੇ ਸਪੀਕਰ ਦੀ ਕੁਰਸੀ ਤੱਕ ਪਹੁੰਚੇ। ਉਨ੍ਹਾਂ ਦਾ ਗ੍ਰਹਿ ਪਿੰਡ ਵੀ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਪੰਜਵੜ੍ਹ ਪਿੰਡ ਸੀ। ਗੁਰਦਿਆਲ ਸਿੰਘ ਢਿੱਲੋਂ ਤੋਂ ਬਾਅਦ ਇਹ ਹਲਕਾ ਅਜਿਹਾ ਕਾਂਗਰਸ ਹੱਥੋਂ ਗਿਆ ਕਿ ਇੱਥੇ 1977 ’ਚ ਜਥੇਦਾਰ ਮੋਹਨ ਸਿੰਘ ਤੁੜ, 1980 ’ਚ ਜਥੇਦਾਰ ਲਹਿਣਾ ਸਿੰਘ ਤੁੜ, 1985 ’ਚ ਤਰਲੋਚਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ।

ਜਦੋਂਕਿ 1989 ਵਿਚ ਸਿਮਰਨਜੀਤ ਸਿੰਘ ਮਾਨ ਨੇ ਵੀ ਗੈਰ ਕਾਂਗਰਸੀ ਸੰਸਦ ਮੈਂਬਰ ਵਜੋਂ ਲੋਕ ਸਭਾ ਵਿਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਦਾਖਲਾ ਪਾਇਆ ਸੀ। 1992 ਵਿਚ ਅਕਾਲੀ ਦਲ ਦੇ ਬਾਈਕਾਟ ਦੌਰਾਨ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ ਇਸ ਹਲਕੇ ਤੋਂ ਲੋਕ ਸਭਾ ਵਿੱਚ ਗਏ। ਜਦੋਂਕਿ ਮੁੜ 1996 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੇਜਰ ਸਿੰਘ ਉੱਬੋਕੇ, 1998 ਵਿਚ ਪੇ੍ਮ ਸਿੰਘ ਲਾਲਪੁਰਾ, 1998 ਵਿਚ ਤਰਲੋਚਨ ਸਿੰਘ ਤੁੜ, 1999 ਵਿਚ ਮੁੜ ਤਰਲੋਚਨ ਸਿੰਘ ਤੁੜ ਸੰਸਦ ਮੈਂਬਰ ਬਣ ਕੇ ਲੋਕ ਸਭਾ ਪਹੁੰਚੇ ਅਤੇ 2004 ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਨੂੰ ਇਸ ਹਲਕੇ ਤੋਂ ਜਿੱਤ ਮਿਲੀ।