Visitor:  5483985 Date:  , Nankana Sahib Time :

ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ ਦਿਨ

*26 ਮਾਰਚ, 1899* ਈ. ਵਾਲੇ ਦਿਨ ਪੰਜਾ ਸਾਹਿਬ ਸਾਕੇ ਦੇ, ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਵਿਖੇ ਪਿਤਾ ਸਰਦਾਰ ਸਰੂਪ ਸਿੰਘ ਅਤੇ ਬੀਬੀ ਪ੍ਰੇਮ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਮੁੱਢਲੀ ਸਿੱਖਿਆ ਅਕਾਲਗੜ੍ਹ ਵਿਖੇ ਹੋਈ। ਉਪਰੰਤ ਉਚੇਰੀ ਸਿੱਖਿਆ ਤੋਂ ਬਾਅਦ ਭਾਈ ਪ੍ਰਤਾਪ ਸਿੰਘ ਜੀ ਨੇ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿਖੇ ਸਕੂਲ ਦੇ ਅਧਿਆਪਕ ਵਜੋਂ ਆਪਣੇ ਜੀਵਨ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ। ਕੁੱਝ ਚਿਰ ਆਪ ਜੀ ਨੇ ਕਰਾਚੀ ਦੇ ਇਕ ਆੜਤੀਏ ਕੋਲ ਵੀ ਨੌਕਰੀ ਕੀਤੀ। 1918 ਵਿਚ ਆਪ ਜੀ ਦਾ ਆਨੰਦ ਕਾਰਜ ਬੀਬੀ ਹਰਨਾਮ ਕੌਰ ਦੇ ਨਾਲ ਹੋਇਆ।

ਨਨਕਾਣਾ ਸਾਹਿਬ ਵਿਖੇ ਹੋਏ ਖ਼ੂਨੀ ਕਾਂਡ ਦੇ ਸ਼ਹੀਦੀ ਸਾਕੇ ਤੋਂ ਆਪ ਦਾ ਦਿਲ ਐਸਾ ਛਲਣੀ ਹੋਇਆ ਕਿ ਆਪ ਨੇ ਨੌਕਰੀ ਛੱਡ ਦਿੱਤੀ। ਉਸ ਤੋਂ ਬਾਅਦ ਆਪ ਨੇ ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਅਤੇ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤਾ। ਇਸੇ ਦੌਰਾਨ ਆਪ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਜਾਨਚੀ ਦੀ ਸੇਵਾ ਵੀ ਨਿਭਾਉਂਦੇ ਰਹੇ।

ਆਪ ਦਾ ਨਾਮ ਸਿੱਖ ਕੌਮ ਦੇ ਸ਼ਹੀਦਾਂ ਦੀ ਲੰਬੀ ਫੈਰਿਸਟ ਵਿੱਚ ਉਸ ਵਕਤ ਸ਼ੁਮਾਰ ਹੋਇਆ ਜਦੋਂ ਪਹਿਲੀ ਨਵੰਬਰ 1922 ਵਾਲੇ ਦਿਨ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਅਤੇ ਸ਼ਹੀਦ ਭਾਈ ਕਰਮ ਸਿੰਘ ਜੀ ਦਾ ਅੰਤਿਮ ਸਸਾਕਰ ਰਾਵਲਪਿੰਡੀ ਵਿਖੇ 'ਲਈ' ਨਾਂ ਦੀ ਨਦੀ ਦੇ ਕਿਨਾਰੇ ਕੀਤਾ ਗਿਆ।

31 ਅਕਤੂਬਰ 1922 ਵਾਲੇ ਦਿਨ ਗੰਭੀਰ ਰੂਪ ਵਿਚ ਜ਼ਖਮੀ, ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸ਼ਹਾਦਤ ਪ੍ਰਾਪਤ ਕਰ ਗਏ। 29 ਅਕਤੂਬਰ 1922 ਵਾਲੇ ਦਿਨ ਪੰਜਾ ਸਾਹਿਬ ਦੇ ਰੇਲਵੇ ਸਟੇਸ਼ਨ ਹਸਨ ਅਬਦਾਲ ਵਿੱਖੇ ਰੇਲਗੱਡੀ ਅੱਗੇ ਲੇਟ ਕੇ ਆਪ ਦੋਨੋਂ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ ਸਨ।

ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ 8 ਅਗਸਤ, 1922 ਈ: ਨੂੰ ਗੁਰੂ ਕੇ ਬਾਗ ਦਾ ਮੋਰਚਾ' ਆਰੰਭ ਹੋਇਆ। ਇਸ ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਿਲ੍ਹੇ ਗੋਬਿੰਦਗੜ੍ਹ ਵਿਚ ਨਜਰਬੰਦ ਰੱਖਿਆ ਜਾਂਦਾ ਸੀ ਅਤੇ ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਨ੍ਹਾਂ ਨਜਰਬੰਦ ਸਿੰਘ - ਸਿੰਘਣੀਆਂ ਨੂੰ ਦੂਰ-ਦੁਰਾਂਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ। 29 ਅਕਤੂਬਰ, 1922 ਈ: ਨੂੰ ਇਕ ਰੇਲਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਕ ਕਿਲ੍ਹੇ ਵੱਲ ਰਵਾਨਾ ਹੋਈ। ਸਿੰਘਾਂ ਨੂੰ ਪਤਾ ਲੱਗਾ ਕੇ ਇਸ ਰੇਲ ਗੱਡੀ ਵਿੱਚ ਸਵਾਰ ਕੈਦੀ ਸਿੰਘ ਕਈ ਦਿਨਾਂ ਤੋਂ ਭੁੱਖੇ ਹਨ। ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਕ ਜਾ ਰਹੀ ਇਸ ਰੇਲ ਗੱਡੀ ਵਿਚ ਸਵਾਰ ਕੈਦੀ ਸਿੰਘਾਂ ਨੂੰ 'ਹਸਨ ਅਬਦਾਲ' (ਪੱਛਮੀ ਪੰਜਾਬ) ਦੇ ਰੇਲਵੇ ਸਟੇਸ਼ਨ ' ਤੇ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਦਾ ਫ਼ੈਸਲਾ ਕੀਤਾ। ਇਸ ਰੇਲ ਗੱਡੀ ਨੇ ਹਸਨ ਅਬਦਾਲ ਦੇ ਸਟੇਸ਼ਨ 'ਤੇ ਬਿਨਾਂ ਰੁਕੇ ਹੀ ਅੱਗੇ ਨਿਕਲ ਜਾਣਾ ਸੀ।

29 ਅਕਤੂਬਰ 1922 ਵਾਲੇ ਦਿਨ ਸਮਾਂ ਸਵੇਰੇ 10 ਵਜੇ ਦਾ ਸੀ। ਸਿੱਖ ਸੰਗਤਾਂ ਨੇ ਹਸਨ ਅਬਦਲ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਜਦੋਂ ਗੱਡੀ ਵਿੱਚ ਸਵਾਰ ਸਿੰਘਾਂ ਨੂੰ ਲੰਗਰ ਛਕਾਉਣ ਦੇ ਲਈ ਰੇਲ ਗੱਡੀ ਰੋਕਣ ਦੇ ਲਈ ਕਿਹਾ ਤਾਂ, ਸਟੇਸ਼ਨ ਮਾਸਟਰ ਨੇ ਆਪਣੀ ਅਸਮਰਥਤਾ ਦਰਸਾਉਂਦੇ ਹੋਏ ਕਿਹਾ ਕਿ ਉਪਰੋਂ ਸਰਕਾਰ ਵੱਲੋਂ ਆਏ ਹੁਕਮਾਂ ਮੁਤਾਬਿਕ ਕੈਦੀ ਸਿੰਘਾਂ ਵਾਲੀ ਰੇਲ ਗੱਡੀ ਰੋਕੀ ਨਹੀਂ ਜਾ ਸਕਦੀ। ਸਿੰਘਾਂ ਨੇ ਕਿਹਾ ਕਿ ਤੈਨੂੰ ਉਪਰੋਂ ਤੇਰੀ ਸਰਕਾਰ ਨੇ ਗੱਡੀ ਨਾ ਰੋਕਣ ਦਾ ਹੁਕਮ ਜਾਰੀ ਕੀਤਾ ਹੈ ਸਾਨੂੰ ਸਾਡੀ ਸੱਚੀ ਸਰਕਾਰ ਦਾ ਹੁਕਮ ਹੈ ਕੇ ਭੁੱਖੇ ਸਿੰਘਾਂ ਨੂੰ ਲੰਗਰ ਛਕਾਏ ਬਿਨ੍ਹਾਂ ਰੇਲਗੱਡੀ ਇਥੋਂ ਲੰਘਣ ਨਹੀਂ ਦੇਣੀ। ਤੂੰ ਅਪਣੀ ਸਰਕਾਰ ਦਾ ਹੁਕਮ ਬਜ੍ਹਾ, ਅਸੀਂ ਆਪਣੀ ਸਰਕਾਰ ਦਾ ਹੁਕਮ ਬਜ੍ਹਾਵਾਂ ਗੇ। ਜੇ ਤੇਰੀ ਸਰਕਾਰ ਦੀ ਮਰਜ਼ੀ ਚਲੀ ਤਾਂ ਗੱਡੀ ਇਥੋਂ ਬਿਨ੍ਹਾਂ ਰੁਕਿਆਂ ਲੰਘ ਜਾਏ ਗੀ। ਜੇ ਸਾਡੀ ਸਰਕਾਰ ਦੀ ਮਰਜ਼ੀ ਚਲੀ ਤਾਂ ਗੱਡੀ ਰੁਕੇ ਗੀ ਵੀ ਅਤੇ ਸਿੰਘ ਪ੍ਰਸ਼ਾਦਾ ਵੀ ਛਕਣ ਗੇ।

ਸੋ ਇਸ ਲੰਗਰ ਛਕਾਉਣ ਦੇ ਸੰਕਲਪ ਦੇ ਨਾਲ ਸੰਗਤ ਰੇਲ ਪਟੜੀ ਉੱਪਰ ਬੈਠ ਗਈ। ਇਨ੍ਹਾਂ ਸੰਗਤਾਂ ਵਿੱਚ ਦੋ ਮੂਹਰਲੇ ਸਿੰਘ ਸ਼ਹੀਦ ਹੋ ਗਏ।ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਸ਼ਹੀਦ ਭਾਈ ਕਰਮ ਸਿੰਘ ਅਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਦੇ ਪ੍ਰਣ ਨੂੰ ਪੂਰਾ ਕੀਤਾ।

ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ ਉਦੋਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ , ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ। ਗੱਡੀ ਵਿਸਲਾਂ ਮਾਰਦੀ ਆ ਰਹੀ ਸੀ, ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜਕੇ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਸਨ, ਪਰ ਸੁਆਸ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਇਲਾਜ ਦੇ ਲਈ ਪਹੁੰਚਾਇਆ ਗਿਆ। ਗੰਭੀਰ ਰੂਪ ਵਿਚ ਦੋਵੇਂ ਜ਼ਖਮੀ ਸਾਥੀ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਪਹਿਲੀ ਨਵੰਬਰ ਨੂੰ ਦੋਵਾਂ ਸ਼ਹੀਦਾਂ ਦਾ ਸੰਸਾਕਰ ਰਾਵਲਪਿੰਡੀ ਵਿਖੇ 'ਲਈ' ਨਾਂ ਦੀ ਨਦੀ ਦੇ ਕਿਨਾਰੇ ਕੀਤਾ ਗਿਆ।

ਪੰਜਾਬੀ ਵਿਰਸਾ ਸਕੂਲ

ਸ੍ਰੀ ਨਨਕਾਣਾ ਸਾਹਿਬ,ਪਾਕਿਸਤਾਨ