Visitor:  5475785 Date:  , Nankana Sahib Time :

ਅੱਜ ਦੇ ਦਿਨ (ਮਿਤੀ 4 ਜੂਨ, 2024) ਦਾ ਇਤਿਹਾਸ ਜਨਮ ਦਿਹਾੜਾ:ਭਗਤ ਪੂਰਨ ਸਿੰਘ ਜੀ

ਜਨਮ ਦਿਹਾੜਾ: ਭਗਤ ਪੂਰਨ ਸਿੰਘ ਜੀ

ਮਾਤਾ ਜੀ: ਮਾਤਾ ਮਹਿਤਾਬ ਕੌਰ ਜੀ

ਪਿਤਾ ਜੀ: ਭਾਈ ਛਿੱਬੂ ਮੱਲ ਜੀ

ਜਨਮ ਮਿਤੀ: 4 ਜੂਨ, ਸੰਨ 1904 ਈ.

ਜਨਮ ਸਥਾਨ: ਰਾਜੇਵਾਲ ਰੋਹਣੋ, ਨੇੜੇ ਖੰਨਾ, ਜ਼ਿਲ੍ਹਾ ਲੁਧਿਆਣਾ

ਪਹਿਲਾ ਨਾਮ: ਰਾਮਜੀ ਦਾਸ

ਅਕਾਲ ਚਲਾਣੇ ਦੀ ਮਿਤੀ: 5 ਅਗਸਤ, ਸੰਨ 1992 ਈ.

ਮੁੱਢਲਾ ਜੀਵਨ: ਆਪ ਜੀ ਦੇ ਪਿਤਾ ਜੀ ਸ਼ਾਹੂਕਾਰ ਦਾ ਕੰਮ ਕਰਦੇ ਸਨ।ਆਪ ਜੀ ਦੇ ਮਾਤਾ ਜੀ ਧਾਰਮਿਕ ਖਿਆਲਾਂ ਵਾਲੀ ਔਰਤ ਸਨ, ਜਿਨ੍ਹਾਂ ਨੇ ਆਪ ਜੀ ਦੇ ਦਿਲ ਵਿੱਚ ਮਨੁੱਖਤਾ ਅਤੇ ਕੁਦਰਤ ਲਈ ਦਇਆ ਅਤੇ ਪਿਆਰ ਦੀ ਭਾਵਨਾ ਪੈਦਾ ਕੀਤੀ।ਆਪ ਜੀ ਦਾ ਬਚਪਨ ਸ਼ਹਿਜ਼ਾਦਿਆਂ ਵਾਂਗ ਬੀਤਿਆ।ਆਪ ਜੀ ਦੇ ਮਾਤਾ ਜੀ ਨੇ ਆਪ ਜੀ ਨੂੰ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾ-ਸੁਣਾ ਕੇ ਆਪ ਦੇ ਆਚਰਣ ਦਾ ਵਿਕਾਸ ਕੀਤਾ।ਫਿਰ ਅਜਿਹਾ ਸਮਾਂ ਆਇਆ ਕਿ ਕਾਲ ਪੈਣ ਕਾਰਨ ਪਿਤਾ ਦਾ ਸ਼ਾਹੂਕਾਰਾ ਖ਼ਤਮ ਹੋ ਗਿਆ।ਗਰੀਬੀ ਨੇ ਘਰ ਵਿੱਚ ਪੈਰ ਪਸਾਰ ਲਏ।ਪਿਤਾ ਜੀ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਜੀ ਦੀ ਮਾਤਾ ਜੀ ਨੇ ਆਪ ਦਾ ਪੜ੍ਹਨਾ ਜਾਰੀ ਰੱਖਿਆ, ਭਾਵੇਂ ਇਸ ਲਈ ਆਪ ਜੀ ਦੀ ਮਾਤਾ ਜੀ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ।

ਸੰਨ 1923 ਈ. ਵਿੱਚ ਜਦ ਆਪ ਜੀ ਨੇ ਲੁਧਿਆਣੇ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਆਪ ਜੀ ਦੀ ਜ਼ਿੰਦਗੀ ਬਦਲ ਦਿੱਤੀ। ਇਮਤਿਹਾਨ ਦੇਣ ਤੋਂ ਬਾਅਦ ਉਹ ਪਿੰਡ ਜਾਂਦੇ ਸਮੇਂ ਰਸਤੇ ਵਿੱਚ ਲੁਧਿਆਣੇ ਦੇ ਸ਼ਿਵ ਜੀ ਦੇ ਮੰਦਰ ਚਲੇ ਗਏ।ਉੱਥੇ ਉਨ੍ਹਾਂ ਨੇ ਠਾਕੁਰਾਂ ਦੀਆਂ ਮੂਰਤੀਆਂ ਨੂੰ ਮਲ਼-ਮਲ਼ ਕੇ ਨਹਾਇਆ।ਬਾਅਦ ਵਿੱਚ ਰੋਟੀ ਖਾਣ ਸਮੇਂ ਜਦੋਂ ਮੰਦਰ ਦੇ ਪੁਜਾਰੀ ਅਤੇ ਉੱਥੇ ਪੜ੍ਹਨ ਵਾਲੇ ਵਿਦਿਆਰਥੀ ਖਾਣਾ ਖਾਣ ਲਈ ਬੈਠੇ ਤਾਂ ਰਾਮਜੀ ਦਾਸ ਵੀ ਨਾਲ ਹੀ ਰੋਟੀ ਖਾਣ ਲਈ ਬੈਠ ਗਏ।ਪਰ ਪੁਜਾਰੀ ਨੇ ਉਨ੍ਹਾਂ ਨੂੰ ਬਾਂਹ ਤੋਂ ਫੜ ਕੇ ਉਠਾ ਦਿੱਤਾ।ਇਸ ਨਾਲ ਉਨ੍ਹਾਂ ਦੇ ਦਿਲ ਨੂੰ ਬੜੀ ਠੇਸ ਪਹੁੰਚੀ।ਉਨ੍ਹਾਂ ਕੋਲ ਕਿਰਾਇਆ ਨਾ ਹੋਣ ਕਾਰਨ ਉਹ ਪੈਦਲ ਹੀ ਖੰਨੇ ਸ਼ਹਿਰ ਵੱਲ ਚੱਲ ਪਏ।ਰਸਤੇ ਵਿੱਚ ਉਹ ਕੁਝ ਸਿੰਘਾਂ ਦੇ ਕਹਿਣ ਤੇ ਰੇਰੂ ਸਾਹਿਬ ਗੁਰਦੁਆਰੇ ਚਲੇ ਗਏ।ਉੱਥੋਂ ਦੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਲੰਗਰ ਛਕਾਇਆ।ਉਨ੍ਹਾਂ ਨੇ ਸੋਚਿਆ ਕਿ ਉਹ ਤਾਂ ਅਜਿਹੇ ਘਰ ਆ ਗਏ ਹਨ ਜਿੱਥੇ ਆ ਕੇ ਕੋਈ ਵੀ ਬੇਘਰਾ ਅਤੇ ਬੇਆਸਰਾ ਨਹੀਂ ਰਹਿੰਦਾ, ਉਹ ਹਮੇਸ਼ਾ ਲਈ ਘਰ ਵਾਲਾ ਹੋ ਜਾਂਦਾ ਹੈ।ਇਸ ਕਾਰਨ ਆਪ ਦਾ ਝੁਕਾਅ ਗੁਰੂ ਘਰ ਵੱਲ ਹੋ ਗਿਆ ਅਤੇ ਗੁਰਬਾਣੀ ਨਾਲ ਆਪ ਜੀ ਦਾ ਪ੍ਰੇਮ ਵੱਧਦਾ ਗਿਆ।ਆਪ ਜੀ ਦੇ ਮਾਤਾ ਜੀ ਨੂੰ ਰੁਜ਼ਗਾਰ ਦੇ ਲਈ ਲਾਹੌਰ ਜਾਣਾ ਪਿਆ ਅਤੇ ਕੁਝ ਸਮੇਂ ਬਾਅਦ ਉਹ ਵੀ ਆਪਣੀ ਮਾਤਾ ਜੀ ਕੋਲ ਲਾਹੌਰ ਚਲੇ ਗਏ ਅਤੇ ਉੱਥੇ ਗੁਰਦੁਆਰਾ ਡੇਹਰਾ ਸਾਹਿਬ ਵਿੱਚ ਲੰਮਾ ਸਮਾਂ ਸੇਵਾ ਕਰਦੇ ਰਹੇ।ਆਪ ਜੀ ਗੁਰਬਾਣੀ ਅਤੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਕੇ ਰਾਮਜੀ ਦਾਸ ਤੋਂ ਪੂਰਨ ਸਿੰਘ ਜੀ ਬਣ ਗਏ।

ਵਾਤਾਵਰਨ ਅਤੇ ਸਾਹਿਤ ਪ੍ਰੇਮੀ: ਭਾਵੇਂ ਆਪ ਜੀ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਪਰ ਪੜ੍ਹਨ ਦੇ ਸ਼ੌਕ ਕਾਰਨ ਆਪ ਜੀ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਪੜ੍ਹਨ-ਲਿਖਣ ਵਿੱਚ ਮੁਹਾਰਤ ਹਾਸਲ ਕਰ ਲਈ ਸੀ।ਆਪ ਜੀ ਨੇ ਲਾਇਬ੍ਰੇਰੀਆਂ ਵਿੱਚ ਜਾ ਕੇ ਦੁਨੀਆਂ ਦੇ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹੀਆਂ।ਆਪ ਜੀ ਹਰ ਰੋਜ਼ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਖਬਾਰ ਪੜ੍ਹਦੇ ਸਨ।ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਵੱਧਦੀ ਅਬਾਦੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਨੂੰ ਉਭਾਰਨ ਦੀ ਸ਼ੁਰੂਆਤ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਨੇ ਕੀਤੀ ਸੀ।

ਜਦੋਂ ਭਗਤ ਜੀ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸਨ ਰਹਿੰਦੇ, ਸਗੋਂ ਹਕੀਕਤ ਵਿੱਚ ਕਰ ਕੇ ਵੀ ਵਿਖਾਉਂਦੇ ਸਨ।ਜੋ ਵੀ ਰੱਦੀ ਜਾਂ ਵਰਤੇ ਹੋਏ ਕਾਗਜ਼ ਦਾ ਇੱਕ ਪਾਸਾ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਹੋਵੇ, ਪਿੰਗਲਵਾੜੇ ਵਿੱਚ ਲਿਖਣ ਜਾਂ ਛਪਾਈ ਦੇ ਸਾਰੇ ਕੰਮ ਉਨ੍ਹਾਂ ਸਾਰੇ ਕਾਗਜ਼ਾਂ ਦੇ ਉਸ ਪਾਸੇ ਹੁੰਦੇ।ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਹੈ, ਓਨੇ ਵਧੇਰੇ ਰੁੱਖ ਕੱਟੇ ਜਾਂਦੇ ਹਨ।ਭਗਤ ਜੀ ਵੱਲੋਂ ਸਾਹਿਤ ਵੰਡਣ ਦੀ ਪਰੰਪਰਾ ਨੂੰ ਪਿੰਗਲਵਾੜੇ ਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਭੇਟਾ ਰਹਿਤ ਸਾਹਿਤ ਪਾਠਕਾਂ ਨੂੰ ਉਪਲੱਬਧ ਕਰਵਾਇਆ ਜਾਂਦਾ ਹੈ।

ਭਗਤ ਜੀ ਪ੍ਰਦੂਸ਼ਣ ਪ੍ਰਤੀ ਬਹੁਤ ਜਾਗਰੂਕ ਸਨ ਤਾਂ ਹੀ ਉਨ੍ਹਾਂ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ।ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਸਨ।ਭਗਤ ਜੀ ਨੇ ਖੱਦਰ ਦਾ ਰੱਜ ਕੇ ਪ੍ਰਚਾਰ ਕੀਤਾ ਕਿਉਂਕਿ ਖਾਦੀ ਦੇ ਕੱਪੜੇ ਸਾਡੇ ਭਾਰਤੀ ਵਾਤਾਵਰਨ ਵਿੱਚ ਬਹੁਤ ਢੁੱਕਵੇਂ ਹਨ।ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਗੱਲ ਇਹ ਹੈ ਕਿ ਇਸ ਗੱਲ ਦੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਸਿਹਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ ਹੈ।

ਮਨੁੱਖਤਾ ਦੀ ਸੇਵਾ: ਬਚਪਨ ਵਿੱਚ ਹੀ ਭਗਤ ਜੀ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ ਸੀ।ਇਸ ਇੱਛਾ ਦੀ ਪੂਰਤੀ ਸੇਵਾ ਰਾਹੀਂ ਹੋਈ।ਆਪ ਲਈ ਸੇਵਾ ਹੀ ਭਗਵਾਨ ਸਿੱਧ ਹੋਈ।ਸੰਨ 1924 ਈ. ਤੋਂ ਆਪ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿੱਚ ਸੇਵਾ ਦੇ ਕੰਮਾਂ ਵਿੱਚ ਜੁੱਟ ਗਏ।ਆਪ ਦਾ ਕੰਮ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੇ ਸਾਈਕਲਾਂ ਦੀ ਰਾਖੀ ਕਰਨਾ, ਭੁੱਖਿਆਂ ਨੂੰ ਰੋਟੀ ਦੇਣਾ, ਬੇਆਸਰੇ ਅਪਾਹਿਜਾਂ ਨੂੰ ਸੰਭਾਲਣਾ, ਹਸਪਤਾਲ ਤੋਂ ਉਨ੍ਹਾਂ ਦਾ ਇਲਾਜ ਕਰਵਾਉਣਾ, ਸਰਦੀਆਂ ਦੇ ਮੌਸਮ ਵਿੱਚ ਗੁਰਦੁਆਰਾ ਸਾਹਿਬ ਦੇ ਫ਼ਰਸ਼ ਨੂੰ ਗਰਮ ਪਾਣੀ ਨਾਲ ਧੋਣਾ, ਲੰਗਰ ਵਿੱਚ ਬਾਲਣ ਦੀ ਫਜ਼ੂਲ ਵਰਤੋਂ ਨੂੰ ਰੋਕਣਾ ਹੁੰਦਾ ਸੀ।

ਪਿੰਗਲਵਾੜਾ ਸੰਸਥਾਵਾਂ ਦਾ ਮੁੱਢ: ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਕੋਈ ਮਾਪੇ ਆਪਣੇ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ।ਭਗਤ ਜੀ ਨੇ ਉਸ ਬੱਚੇ ਦੀ 14 ਸਾਲ ਸੇਵਾ-ਸੰਭਾਲ ਮੋਢਿਆਂ ਉੱਤੇ ਚੁੱਕ ਕੇ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ।ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਜਿਸ ਨਾਲ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ।ਸੰਨ 1947 ਈ. ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਉੱਤੇ ਭਾਰੀ ਕਹਿਰ ਟੁੱਟਾ।ਆਪ ਜੀ ਲਾਹੌਰ ਤੋਂ ਪਿਆਰਾ ਸਿੰਘ ਨੂੰ ਪਿੱਠ ਉੱਤੇ ਚੁੱਕ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਫਿਊਜ਼ੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਜੀ ਨੇ ਤਨ ਮਨ ਧਨ ਨਾਲ ਅਪਾਹਿਜਾਂ ਅਤੇ ਬਿਮਾਰਾਂ ਦੀ ਸੇਵਾ ਕੀਤੀ। ਇਹ ਬੂਟਾ ਸੰਗਤਾਂ ਦੀਆਂ ਅਸੀਸਾਂ ਨਾਲ ਪ੍ਰਫੁੱਲਤ ਹੁੰਦਾ ਗਿਆ। ਭਗਤ ਜੀ ਆਪਣੇ ਅਕਾਲ ਚਲਾਣੇ ਤੋਂ ਬਾਅਦ ਇਹ ਸੇਵਾ ਡਾ. ਇੰਦਰਜੀਤ ਕੌਰ ਜੀ ਨੂੰ ਸੌਂਪ ਗਏ।ਉਨ੍ਹਾਂ ਨੇ ਤਨ ਮਨ ਧਨ ਨਾਲ ਇਸ ਬੂਟੇ ਨੂੰ ਸਿੰਜਿਆ।ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ, ਜਲੰਧਰ, ਸੰਗਰੂਰ, ਮਾਨਾਂਵਾਲਾ, ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1800 ਦੇ ਕਰੀਬ ਲਾਵਾਰਸ ਮਰੀਜ਼ਾਂ ਦੀ ਸੰਭਾਲ ਦਾ ਕੰਮ ਪਿੰਗਲਵਾੜਾ ਕਰ ਰਿਹਾ ਹੈ।ਉਨ੍ਹਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ।ਪਿੰਗਲਵਾੜੇ ਵਿੱਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ ਜੀ. ਟੀ. ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਬਨਾਉਟੀ ਅੰਗ ਕੇਂਦਰ: ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ।

ਲੋੜਵੰਦ ਬੱਚਿਆਂ ਲਈ ਵਿੱਦਿਅਕ ਸੰਸਥਾਵਾਂ ਸਥਾਪਿਤ ਕਰਨਾ: ਪਿੰਗਲਵਾੜੇ ਵਲੋਂ ਗਰੀਬ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਵਿੱਦਿਅਕ ਸੰਸਥਾਵਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਬੱਚਿਆਂ ਨੂੰ ਆਮ ਪੜ੍ਹਾਈ ਦੇ ਨਾਲ ਨਾਲ ਕੰਪਿਊਟਰ ਦੀ ਸਿੱਖਿਆ ਅਤੇ ਕਿੱਤਾਕਾਰੀ ਸਿੱਖਿਆ ਵੀ ਦਿੱਤੀ ਜਾਂਦੀ ਹੈ।

ਕੁਦਰਤ ਦੀ ਸੰਭਾਲ ਦੇ ਯਤਨ: ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਨ੍ਹਾਂ ਤੋਂ ਬਾਅਦ ਡਾ. ਇੰਦਰਜੀਤ ਕੌਰ ਜੀ ਵੀ ਭਗਤ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਕੁਦਰਤੀ ਖੇਤੀ ਕਰਕੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਮਾਣ ਸਨਮਾਨ: ਭਗਤ ਪੂਰਨ ਸਿੰਘ ਜੀ ਨੂੰ 1979 ਈ. ਵਿੱਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪਰ ਉਨ੍ਹਾਂ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਉਨ੍ਹਾਂ ਨੇ ਰੋਸ ਵਜੋਂ ਪਦਮ ਸ੍ਰੀ ਐਵਾਰਡ ਵਾਪਸ ਕਰ ਦਿੱਤਾ।ਆਪ ਜੀ ਨੂੰ ਪਦਮ ਸ੍ਰੀ ਐਵਾਰਡ ਤੋਂ ਇਲਾਵਾ 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਭਾਈ ਘਨ੍ਹਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਅਕਾਲ ਚਲਾਣਾ: ਭਗਤ ਪੂਰਨ ਸਿੰਘ ਜੀ 5 ਅਗਸਤ, 1992 ਈ. ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਸਿੱਖਿਆ: ਸਾਨੂੰ ਵੀ ਭਗਤ ਜੀ ਵਾਂਗ ਵਾਤਾਵਰਨ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ, ਆਪਣਾ ਆਲ਼ਾ-ਦੁਆਲ਼ਾ ਸਾਫ਼ ਰੱਖਣਾ ਚਾਹੀਦਾ ਹੈ, ਏ. ਸੀ. ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਪ੍ਰਾਣੀ ਮਾਤਰ ਦੀ ਸੇਵਾ ਕਰਨੀ ਚਾਹੀਦੀ ਹੈ, ਜਾਤ-ਪਾਤ ਅਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਭ ਵਿੱਚ ਇੱਕ ਪਰਮਾਤਮਾ ਨੂੰ ਵੇਖਣਾ ਚਾਹੀਦਾ ਹੈ।

Recent Posts