'ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਲੋਹੇ ਦੇ ਚਣੇ ਚਬਵਾ ਦਿਆਂਗੇ'-ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਆਖਰੀਬੋਲ
3 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਅਪਣੇ ਗੁਰੂ ਦਾ ਸ਼ਹੀਦੀ ਦਿਨ ਮਨਾਉਣ ਲਈ ਸਿੱਖ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਂਦੇ ਹਨ। 3 ਜੂਨ 1984 ਨੂੰ ਵੀ ਇਹ ਛਬੀਲਾਂ ਲਗਣੀਆਂ ਸਨ। ਮਾਹੌਲ ਵਿਚ ਤਣਾਅ ਸੀ। ਫਿਰ ਵੀ ਛਬੀਲਾਂ ਲੱਗੀਆਂ। ਦਰਬਾਰ ਸਾਹਿਬ ਤੋਂ ਗੁਰਦਵਾਰਾ ਰਾਮਸਰ ਤਕ ਭੀੜ ਭਰੇ ਬਾਜ਼ਾਰ ਵਿਚ ਛਬੀਲਾਂ ਹੀ ਛਬੀਲਾਂ ਸਨ।
ਸ਼ਹੀਦੀ ਪੁਰਬ ਹੋਣ ਕਰ ਕੇ ਸੰਗਤ ਦਰਬਾਰ ਸਾਹਿਬ, ਗੁਰਦਵਾਰਾ ਰਾਮਸਰ ਜੋ ਪੰਜਵੇਂ ਪਾਤਸ਼ਾਹ ਦੇ ਅਸਥਾਨ ਹਨ ਤੇ ਵੱਡੀ ਗਿਣਤੀ ਵਿਚ ਆਈ। ਹਰ ਜ਼ੁਬਾਨ 'ਤੇ ਇਕ ਹੀ ਚਰਚਾ ਸੀ ਕਿ ਸੀਆਰਪੀ ਨੇ ਦਰਬਾਰ ਸਾਹਿਬ 'ਤੇ ਗੋਲੀ ਚਲਾਈ, ਫ਼ੌਜ ਆ ਗਈ ਹੈ, ਖੋਰੇ ਕੀ ਹੋਣੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਛੁੱਟੀ 'ਤੇ ਜਾ ਚੁੱਕੇ ਸਨ, ਨਵੇਂ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੇ ਅਧਿਕਾਰਤ ਤੌਰ 'ਤੇ ਚਾਰਜ ਲੈ ਲਿਆ।
ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀਆਰਪੀ ਨੇ ਪਹਿਲੇ ਤੋਂ ਬਣਾਏ ਮੋਰਚੇ ਖਾਲੀ ਕਰਨੇ ਸ਼ੁਰੂ ਕਰ ਦਿਤੇ ਅਤੇ ਹੁਣ ਇਸ ਮੋਰਚਾਬੰਦੀ ਵਿਚ ਫ਼ੌਜੀਆਂ ਨੇ ਕਬਜ਼ਾ ਲੈ ਲਿਆ। ਅੰਮ੍ਰਿਤਸਰ ਦੇ ਹਾਲਾਤ ਤਣਾਅ ਵਾਲੇ ਸਨ। ਜਿਵੇਂ ਕਰਫ਼ਿਊ ਲਗਾ ਹੋਵੇ। ਫ਼ੌਜ ਹਰ ਹਰਕਤ 'ਤੇ ਬਾਜ਼ ਅੱਖ ਰੱਖ ਰੱਖ ਰਹੀ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾਬੰਦੀ ਤੰਗ ਕੀਤੀ ਜਾ ਰਹੀ ਸੀ।
ਦਰਬਾਰ ਸਾਹਿਬ ਦੇ ਚਾਰੋਂ ਪਾਸੇ ਦੋਵੇਂ ਧਿਰਾਂ ਮੋਰਚਾਬੰਦੀ ਕਰ ਰਹੀਆਂ ਸਨ। ਲੋਕਲ ਤੇ ਕੁੱਝ ਵੱਡੇ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਅਕਾਲ ਤਖ਼ਤ ਆਏ। ਹਮੇਸ਼ਾ ਹੱਸਦੇ ਰਹਿਣ ਵਾਲੇ ਸੰਤ ਅੱਜ ਕੁੱਝ ਤਣਾਅ ਵਿਚ ਸਨ। ਹਰ ਪੱਤਰਕਾਰ ਕੋਲ ਸਵਾਲ ਸਨ ਪਰ ਇਕ ਸਵਾਲ ਜੋ ਸਾਂਝਾ ਸੀ ਹਰ ਕੋਈ ਉਸ ਦਾ ਜਵਾਬ ਭਾਲਦਾ ਸੀ।
ਜੇ ਹਮਲਾ ਹੋਇਆ ਤਾਂ.... ਸੰਤ ਕੁੱਝ ਪਲ ਲਈ ਖਾਮੋਸ਼ ਹੋਏ ਤੇ ਜਵਾਬ ਦਿਤਾ ਕਿ ਮੇਰੇ ਗੁਰੂ ਨੇ ਕੜਾ ਦਿੱਤਾ, ਚੂੜੀ ਨਹੀਂ, ਲੋਹੇ ਦੇ ਚਣੇ ਚੱਬਵਾ ਦਿਆਂਗੇ। ਸੰਤਾਂ ਤੇ ਪੱਤਰਕਾਰਾਂ ਦੀ ਇਹ ਆਖਰੀ ਮੁਲਾਕਾਤ ਸੀ। ਦਰਬਾਰ ਸਾਹਿਬ ਅੰਦਰ ਸ਼ਾਮ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਸ਼ਹਿਰ ਵਿਚ ਕਰਫ਼ਿਊ ਦਾ ਐਲਾਨ ਹੋ ਗਿਆ। ਜੋ ਜਿਥੇ ਸੀ ਅਪਣੇ-ਅਪਣੇ ਘਰ ਜਾਣ ਲਈ ਕਾਹਲਾ ਸੀ। ਦੂਰੋਂ ਆਈ ਸੰਗਤ ਦਰਬਾਰ ਸਾਹਿਬ ਕਰਫ਼ਿਊ ਕਰ ਕੇ ਉਥੇ ਹੀ ਰੁਕ ਗਈ।
ਭਿੰਡਰਾਂ ਵਾਲੇ ਜਥੇ ਦੇ ਸਿੰਘ ਅਗਲੇਰੀ ਜੰਗ ਦੀ ਤਿਆਰੀ ਕਰ ਰਹੇ ਸਨ। ਦਰਬਾਰ ਸਾਹਿਬ ਪਰਿਕਰਮਾ ਦੇ ਕੁੱਝ ਹਿਸਿਆਂ ਵਿਚ ਨਵੇਂ ਮੋਰਚੇ ਬਣਾਏ ਜਾ ਰਹੇ ਸਨ। ਸੰਗਤ ਸੇਵਾ ਵਿਚ ਖ਼ੁਸ਼ੀ ਖ਼ੁਸ਼ੀ ਹਿੱਸਾ ਲੈ ਰਹੀ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਅਪਣੇ ਸਾਥੀ ਸਿੰਘਾਂ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ। ਹਰਿ ਕੀ ਪਉੜੀ ਕੋਲ ਚੁਲਾ ਲੈ ਕੇ ਸਾਥੀ ਸਿੰਘਾਂ ਨੂੰ ਕਿਹਾ ਕਿ ਭਾਈ ਸਿੰਘੋ ਸਰਕਾਰ ਨੇ ਹਮਲਾ ਕਰਨ ਦੀ ਤਿਆਰੀ ਖਿਚ ਲਈ।
ਜੇ ਕੋਈ ਜਾਣਾ ਚਾਹੁੰਦੇ ਹੁਣੇ ਚਲਾ ਜਾਵੇ, ਫਿਰ ਨਾ ਤੁਹਾਡੇ ਮਾਪੇ ਕਹਿੰਦੇ ਫਿਰਨ ਕਿ ਸਾਧ ਨੇ ਸਾਡਾ ਪੁੱਤ ਮਰਵਾ ਦਿਤਾ। ਕੋਈ ਵਾਪਸ ਨਹੀਂ ਗਿਆ। ਹੌਲੀ-ਹੌਲੀ ਰਾਤ ਉਸ ਸਵੇਰ ਵਲ ਵੱਧ ਰਹੀ ਸੀ ਜਿਸ ਸਵੇਰ ਨੇ ਇਤਿਹਾਸ ਵਿਚ ਇਕ ਅਜਿਹਾ ਅਧਿਆਏ ਜੋੜਣਾ ਸੀ। ਜਿਸ ਦੀ ਚੀਸ ਇਨਸਾਫ਼ ਪਸੰਦ ਭਾਰਤੀਆਂ ਦੇ ਮਨਾਂ ਵਿਚ ਸਦਾ ਰਹਿਣੀ ਸੀ।