ਸਿੱਖ ਮੁਸਲਿਮ ਸਾਂਝਾ ਵੱਲੋਂ ਮਲੇਰਕੋਟਲਾ ਨਿਵਾਸੀਆਂ ਲਈ ਵੱਡਾ ਉਪਰਾਲਾ ਕਰਦਿਆਂ ਨੇਕੀ ਲਈ ਦੂਜੀ ਪੀਸ ਲਬਾਰਟਰੀ ਦਾ ਕੀਤਾ ਗਿਆ ਸ਼ੁਭ ਆਰੰਭ
- ਇਸਲਾਮ ਇਸ ਚੀਜ਼ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਦੂਜੇ ਦੇ ਕੰਮ ਆਈਏ ਜਿਸ ਦਾ ਬਦਲਾ ਅੱਲਾ ਵੱਲੋਂ ਇਸ ਨੂੰ ਕਿਆਮਤ ਵਾਲੇ ਦਿਨ ਦਿੱਤਾ ਜਾਵੇਗਾ--ਮੁਫਤੀ ਮੁਹੰਮਦ ਯੂਨਸ
- 13 ਮਹੀਨੇ ਕਿਸਾਨ ਅੰਦੋਲਨ ਦੌਰਾਨ ਮਿੱਠੇ ਚੌਲਾਂ ਦਾ ਦਿੱਲੀ ਵਿਖੇ ਲੰਗਰ ਅਤੇ ਕਿਸੇ ਵੀ ਕੁਦਰਤੀ ਕਰੋਪੀ ਲਈ ਹਮੇਸ਼ਾ ਉਪਰਾਲੇ ਕਰਦੀ ਹੈ ਸਿੱਖ ਮੁਸਲਿਮ ਸਾਂਝਾ--ਡਾ.ਨਸੀਰ ਅਖਤਰ
ਮਾਲੇਰਕੋਟਲਾ :ਸਥਾਨਕ ਸਮਾਜੀ ਅਤੇ ਧਾਰਮਿਕ ਕਾਰਜਾਂ ਲਈ ਜਾਣ ਹੀ ਪਹਿਚਾਣੀ ਸੰਸਥਾਂ ਸਿੱਖ ਮੁਸਲਿਮ ਸਾਂਝਾ ਵੱਲੋਂ ਇਲਾਕਾ ਨਿਵਾਸੀਆਂ ਲਈ ਵੱਡਾ ਉਪਰਾਲਾ ਕਰਦਿਆਂ ਨੇਕੀ ਦੀ ਲੈਬ ਦੀ ਦੂਜੀ ਪੀਸ ਲਬਾਰਟਰੀ ਲੋਕਾਂ ਦੀ ਸੇਵਾ ਲਈ ਸਥਾਨਕ ਦਾਸ ਹਸਪਤਾਲ ਦੇ ਨਾਲ ਨੇੜੇ ਸੱਠਾ ਚੌਂਕ ਵਿਖੇ ਮੁਫਤੀ ਮੁਹੰਮਦ ਯੂਨਸ ਸਾਹਿਬ ਦੇ ਵੱਲੋਂ ਦੁਆ ਕਰਵਾ ਕੇ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਤੇ ਮੁਫਤੀ ਮੁਹੰਮਦ ਯੂਨਸ ਸਾਹਿਬ ਨੇ ਸੰਸਥਾ ਦੇ ਮੈਂਬਰਾਂ ਨੂੰ ਇਸ ਨੇਕੀ ਦੀ ਦੂਜੀ ਲੈਬ ਦੇ ਸ਼ੁਰੂ ਹੋਣ ਦੀਆਂ ਮੁਬਾਰਕਾਂ ਪੇਸ਼ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਕੀਤੇ ਜਾਂਦੇ ਸਮਾਜੀ ਅਤੇ ਧਾਰਮਿਕ ਕੰਮ ਸਲਾਗਾਯੋਗ ਹਨ ਜਿਸ ਦਾ ਫਾਇਦਾ ਇਨਸਾਨੀਅਤ ਉਠਾ ਰਹੀ ਹੈ ਉਹਨਾਂ ਕਿਹਾ ਕਿ ਇਸਲਾਮ ਇਸ ਚੀਜ਼ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਦੂਜੇ ਦੇ ਕੰਮ ਆਈਏ ਜਿਸ ਦਾ ਬਦਲਾ ਅੱਲਾ ਵੱਲੋਂ ਇਸ ਨੂੰ ਕਿਆਮਤ ਵਾਲੇ ਦਿਨ ਦਿੱਤਾ ਜਾਵੇਗਾ ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿੱਖ ਮੁਸਲਿਮ ਸਾਂਝਾਂ ਦੇ ਕਨਵੀਨਰ ਡਾਕਟਰ ਨਸੀਰ ਅਹਿਮਦ ਨੇ ਦੱਸਿਆ ਕਿ ਕਿਸੇ ਦੀ ਨਿੱਜੀ ਲੈਬ ਦਾ ਨਫ਼ਾ ਉਸ ਦੇ ਮਾਲਕ ਦੀ ਜੇਬ ਵਿੱਚ ਜਾਂਦਾ ਹੈ, ਕਿਉਂਕਿ ਇਹ ਉਸ ਦਾ ਕਾਰੋਬਾਰ ਹੈ।
ਪਰ ਪੀਸ ਲੈਬ ਦਾ ਨਫ਼ਾ ਲੋਕਾਂ ਦੇ ਭਲੇ ਲਈ ਨੇਕ ਕੰਮਾਂ ਵਿੱਚ ਖ਼ਰਚ ਕੀਤਾ ਜਾਂਦਾ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਇਲਾਕੇ ਵਾਲੇ ਜੇਕਰ ਉਹਨਾਂ ਦੁਆਰਾ ਕੀਤੇ ਜਾਂਦੇ ਨੇਕ ਕੰਮਾਂ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋਣ ਤਾਂ ਆਪਣੇ ਟੈਸਟ ਇਸ ਲੈਬ ਤੋਂ ਕਰਵਾ ਕੇ ਉਹ ਵੀ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਕਰਵਾ ਕੇ ਉਹਨਾਂ ਦੀ ਸੰਸਥਾ ਵੱਲੋਂ ਕਰਵਾਏ ਜਾਂਦੇ ਨੇਕ ਕੰਮਾਂ ਵਿੱਚ ਆਪਣਾ ਹਿੱਸਾ ਪਾ ਸਕਦੇ ਹਨ। ਉਹਨਾਂ ਇਸ ਮੌਕੇ ਤੇ ਗੱਲਬਾਤ ਦੌਰਾਨ ਸਿੱਖ ਮੁਸਲਿਮ ਸਾਂਝਾਂ ਦੇ ਕੰਮਾਂ ਬਾਬਤ ਦੱਸਿਆ ਕਿ ਉਨਾਂ ਦੀ ਸੰਸਥਾ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਮਰੀਜਾਂ ਨੂੰ ਰੋਜ਼ਾਨਾ ਦੁਪਹਿਰ ਦਾ ਖਾਣਾ ਫਰੀ (ਮੁਫ਼ਤ) ਦਿੱਤਾ ਜਾਂਦਾ ਹੈ। ਕੋਈ ਵੀ ਮੁਸਾਫ਼ਿਰ ਜਾਂ ਸਫ਼ੀਰ ਜਾਂ ਕੋਈ ਲੋੜਵੰਦ ਵਿਅਕਤੀ ਪੀਸ ਲੈਬ (ਸਿੱਖ-ਮੁਸਲਿਮ ਸਾਂਝਾਂ) ਦੇ ਦਫ਼ਤਰ ਵਿੱਚ ਆ ਕਿਸੇ ਵੇਲੇ ਵੀ ਫਰੀ ਖਾਣਾ ਖਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਵਿੱਚ ਨਮਾਜ਼ ਤੇ ਹੱਜ ਉਮਰਾ ਕਰਨ ਬਾਰੇ ਕਿਤਾਬਾਂ ਅਤੇ ਪੰਜਾਬੀ, ਹਿੰਦੀ, ਇੰਗਲਿਸ ਦੇ ਤਰਜਮੇ ਵਾਲੇ ਕੁਰਆਨ ਸ਼ਰੀਫ ਦੀ ਫਰੀ ਸੇਵਾ ਕੀਤੀ ਜਾਂਦੀ ਹੈ। ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਲਈ ਫਤਿਹਗੜ੍ਹ ਜੋੜ-ਮੇਲ, ਹੋਲਾ-ਮੁਹੱਲਾ ਆਨੰਦਪੁਰ ਸਾਹਿਬ, ਗੁਰ-ਪੂਰਬ ਸੋਭਾ ਯਾਤਰਾ ਆਦਿ ਮੌਕਿਆ ਲਈ ਲੰਗਰਾਂ ਦੀ ਸੇਵਾ ਨਿਭਾਈ ਜਾਂਦੀ ਹੈ ਅਤੇ ਦਿੱਲੀ ਵਿਖੇ ਕਿਸਾਨੀ ਅੰਦੋਲਨ ਦੌਰਾਨ ਲਗਾਤਾਰ 13 ਮਹੀਨੇ ਤੱਕ ਮਿੱਠੇ ਚਾਵਲਾਂ ਦੇ ਲੰਗਰ ਦੀ ਸੇਵਾ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਨਿਭਾਈ ਜਾਂਦੀ ਰਹੀ ਹੈ, ਹੜ੍ਹਾਂ ਮੌਕੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਅਤੇ ਕਿਸੇ ਵੀ ਹੋਰ ਸਮੇਂ ਕੁਦਰਤੀ ਕਰੋਪੀ ਦਾ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੇਕੀ ਦੀ ਲੈਬ ਵਿਖੇ ਜਿਥੇ ਹਰ ਸ਼ੁੱਕਰਵਾਰ (ਜੁੰਮੇ ਦੇ ਦਿਨ) ਸ਼ੂਗਰ ਫਰੀ ਟੈਸਟ ਕੀਤੀ ਜਾਂਦੀ ਹੈ ਉਥੇ ਹੀ ਉਹਨਾਂ ਦੇ ਸਾਥੀਆਂ ਵੱਲੋਂ ਘਰ ਤੋਂ ਸੈਂਪਲ ਲੈ ਕੇ ਆਉਣ ਦਾ ਵੀ ਖਾਸ ਪ੍ਰਬੰਧ ਹੈ। ਇਸ ਮੌਕੇ ਮੁਫਤੀ ਮੁਹੰਮਦ ਯੂਨਸ ਸਾਹਿਬ, ਡਾ.ਨਸੀਰ ਅਖਤਰ, ਐਡਵੋਕੇਟ ਰਵਿੰਦਰ ਸਿੰਘ ਢੰਡਸਾ, ਜਨਾਬ ਜ਼ਹੂਰ ਅਹਿਮਦ ਜਹੂਰ,ਡਾਕਟਰ ਮੁਹੰਮਦ ਰਮਜ਼ਾਨ, ਮਾਸਟਰ ਅਬਦੁਲ ਹਮੀਦ,ਮਾਸਟਰ ਪਰਵੇਜ਼, ਐਜਾਜ਼ ਅਹਿਮਦ, ਮੁਹੰਮਦ ਅਨਵਰ, ਮੁਹੰਮਦ ਅਖਤਰ ਆਦਿ ਹਾਜ਼ਰ ਸਨ।