Visitor:  5484089 Date:  , Nankana Sahib Time :

ਕੜਾਕੇ ਦੀ ਸਰਦੀ ਦੇ ਬਾਵਜੂਦ ਸੰਗਤਾਂ ਦਾ 28ਵਾਂ ਜੱਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ

ਨਵਾਂਸ਼ਹਿਰ 23:ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨਾਂ ਲਈ ਭੇਜਿਆ ਗਿਆ 71 ਮੈਂਬਰਾਂ ਦਾ 28ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਪਿਛਲੀ ਰਾਤ ਵਾਪਿਸ ਪਰਤ ਆਇਆ।

ਇਹ ਜਾਣਕਾਰੀ ਦਿੰਦਿਆਂ ਹੋਇਆ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਸੰਗਤਾਂ ਵਿਚ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਸੀ। ਨਵਾਂਸ਼ਹਿਰ ਤੋਂ ਜੱਥੇ ਦੇ ਚਲਣ ਦਾ ਸਮਾਂ ਭਾਵੇਂ ਸਵੇਰੇ ਚਾਰ ਵਜੇ ਦਾ ਦਿੱਤਾ ਜਾਂਦਾ ਹੈ ਮਗਰ ਸੰਗਤਾਂ ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਸਾਢੇ ਤਿੰਨ ਵਜੇ ਤੱਕ ਹੀ ਸੁਸਾਇਟੀ ਦਫਤਰ ਪਹੁੰਚ ਜਾਂਦੀਆਂ ਹਨ ਅਤੇ ਉਨਾਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਦਰਸ਼ਨਾਂ ਲਈ ਉਤਸ਼ਾਹ ਸਾਫ ਦੇਖਣ ਨੂੰ ਮਿਲਦਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਜਾਣ ਵਾਲਾ ਜਨਵਰੀ ਮਹੀਨੇ ਦਾ ਲਗਾਤਾਰ ਇਹ ਦੂਸਰਾ ਜੱਥਾ ਸੀ ਜਿਸ ਵਿਚ 71 ਸ਼ਰਧਾਲੂਆਂ ਨੇ ਇਸ ਪਾਵਨ ਅਸਥਾਨ ਦੇ ਦਰਸ਼ਨ ਕੀਤੇ । ਇਸ ਤੋਂ ਇਲਾਵਾ ਸੁਸਾਇਟੀ ਵਲੋਂ ਇਸ ਮਹੀਨੇ ਦੇ ਦੌਰਾਨ ਕਾਫੀ ਸੱਜਣ ਸੁਸਾਇਟੀ ਤੋਂ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਨਿੱਜੀ ਵਾਹਨਾਂ ਰਾਹੀਂ ਦਰਸ਼ਨਾਂ ਲਈ ਲਗਾਤਾਰ ਜਾ ਰਹੇ ਹਨ। ਉਨਾਂ ਦੱਸਿਆ ਕਿ ਬੀਤੇ ਦਿਨ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਲਈ ਗਿਆ ਜਥਾ ਗੁਰਦੁਆਰਾ ਬਾਬਾ ਬਕਾਲਾ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਬਾਰਡਰ ਕਰਾਸ ਕਰਕੇ ਪਾਕਿਸਤਾਨ ਵਿਖੇ ਦਾਖਲ ਹੋਇਆ। ਸਮੂਹ ਜਥੇ ਦੇ ਮੈਂਬਰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਵੀ ਜਥੇ ਦੇ ਮੈਂਬਰਾਂ ਵਲੋਂ ਸੇਵਾ ਕੀਤੀ ਗਈ ਅਤੇ ਸ਼ਰਧਾ ਸਹਿਤ ਲੰਗਰ ਵੀ ਛਕਿਆ ਗਿਆ। ਇਸ ਮੌਕੇ ਸੁਰਜੀਤ ਸਿੰਘ ਹੁਣਾਂ ਨੇ ਇਹ ਵੀ ਦੱਸਿਆ ਕਿ ਜਥੇ ਦੇ ਮੈਂਬਰਾਂ ਲਈ ਹਰ ਯਾਤਰਾ ਦੌਰਾਨ ਸਵੇਰ ਦੇ ਨਾਸ਼ਤੇ ਅਤੇ ਰਾਤ ਦੇ ਖਾਣੇ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ।

ਇਸ ਜੱਥੇ ਵਿਚ ਨਵਾਂਸ਼ਹਿਰ, ਰਾਹੋਂ, ਦੌਲਤਪੁਰ, ਬਸਿਆਲਾ, ਮਹਿਤਪੁਰ, ਸੈਲਾ ਖੁਰਦ,ਰੱਕੜ ਢਾਹਾਂ, ਮੀਰਪੁਰ ਲੱਖਾ, ਸਮੁੰਦੜਾ, ਸਮਰਾਲਾ, ਉੜਾਪੜ, ਲੰਗੜੋਆ, ਭਰੋ ਮਜਾਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਵੀ ਸੰਗਤਾਂ ਸ਼ਾਮਲ ਸਨ। ਕਰਤਾਰਪੁਰ ਸਾਹਿਬ ਲਈ ਅਗਲਾ ਜੱਥਾ 10 ਫਰਵਰੀ ਨੂੰ ਭੇਜਿਆ ਜਾਵੇਗਾ ਜਿਸ ਵਿਚ ਪਟਿਆਲਾ ਤੋਂ ਸੰਗਤਾਂ ਸ਼ਾਮਲ ਹੋ ਰਹੀਆਂ ਹਨ।