Visitor:  5557452 Date:  , Nankana Sahib Time :

ਸਿੱਖ ਇਤਿਹਾਸ ਦੇ ਪੰਨਿਆਂ ਚੋਂ: ਸਾਕਾ ਪੰਜਾ ਸਾਹਿਬ

ਸਿੱਖ ਇਤਿਹਾਸ ਦੇ ਪੰਨਿਆਂ ਚੋਂ: ਸਾਕਾ ਪੰਜਾ ਸਾਹਿਬ, ਸਿੱਖਾਂ ਦੀ ਸਹਿਣਸ਼ੀਲਤਾ, ਸੂਰਬੀਰਤਾ ਅਤੇ ਕੁਰਬਾਨੀਆਂ ਦੀ ਉਦਾਹਰਨ…

ਗੁਰੂ ਨਾਨਕ ਸਾਹਿਬ ਦੇ ਚਰਨ-ਛੋਹ ਪ੍ਰਾਪਤ ਪੰਜਾ ਸਾਹਿਬ (ਹਸਨ ਅਬਦਾਲ) ਦੀ ਪਵਿੱਤਰ ਧਰਤੀ, ਪਾਕਿਸਤਾਨ ਦੀ ਕੌਮੀ ਰਾਜਧਾਨੀ ਇਸਲਾਮਾਬਾਦ ਤੋਂ ਲਹਿੰਦੇ ਵੱਲ, ਮੌਜੂਦਾ ਲਹਿੰਦੇ ਪੰਜਾਬ ਦੇ ਪੁਰਾਤਨ ਸ਼ਹਿਰ ਰਾਵਲਪਿੰਡੀ ਤੋਂ ਉੱਤਰ-ਪੱਛਮ ਦਿਸ਼ਾ ਵਿਚ ਲਗਪਗ 45 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭੂਗੋਲਿਕ ਸਥਿਤੀ ਪੱਖੋਂ ਇਹ ਪਾਕਿਸਤਾਨ ਦੇ ਉੱਤਰੀ ਸਰਹੱਦੀ ਇਲਾਕੇ ਦੇ ਨੇੜੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਅਟਕ (ਕੈਂਬਲਪੁਰ) ਵਿਚ ਪੈਂਦਾ ਹੈ ਅਤੇ ਲਾਹੌਰ ਤੋਂ ਪਿਸ਼ਾਵਰ ਹੁੰਦੇ ਹੋਏ ਦੱਰਾ ਖੈਬਰ ਰਾਹੀਂ ਪੱਛਮੀ ਤੇ ਮੱਧ ਏਸ਼ੀਆ ਵੱਲ ਜਾਣ ਵਾਲੇ ਵਪਾਰਕ ਰਸਤੇ ਉੱਤੇ ਸਥਿਤ ਇਕ ਅਹਿਮ ਸਥਾਨ ਹੈ।

ਪੱਛਮ (ਅਰਬ ਦੇਸ਼ਾਂ) ਦੀ ਉਦਾਸੀ ਤੋਂ ਵਾਪਸ ਪਰਤਦੇ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਇੱਥੋਂ ਦੀ ਗੁਜ਼ਰੇ ਤਾਂ ਇੱਥੇ ਹਸਨ ਅਬਦਾਲ ਨਾਂ ਦੇ ਇਕ ਮੁਸਲਮਾਨ ਪੀਰ (ਜਿਸ ਨੂੰ ਵਲੀ ਕੰਧਾਰੀ ਵੀ ਕਿਹਾ ਜਾਂਦਾ ਹੈ), ਨੇ ਈਰਖਾਵੱਸ ਉਨ੍ਹਾਂ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਈ ਮਰਦਾਨਾ ਜੀ ਵੱਲੋਂ ਉੱਚੀ ਪਹਾੜੀ ਉੱਤੇ ਬੈਠੇ ਵਲੀ ਤੋਂ ਦੋ-ਤਿੰਨ ਵਾਰ ਮੰਗਣ 'ਤੇ ਵੀ ਜਦ ਪਾਣੀ ਨਾ ਮਿਲਿਆ ਤਾਂ ਗੁਰੂ ਜੀ ਨੇ ਆਪਣੇ ਹੱਥ ਨਾਲ ਪੱਥਰ ਪਾਸੇ ਕਰਕੇ ਪਾਣੀ ਦਾ ਚਸ਼ਮਾ ਪੈਦਾ ਕਰ ਦਿੱਤਾ। ਦੂਜੇ ਪਾਸੇ ਪਹਾੜੀ 'ਤੇ ਵਲੀ ਕੰਧਾਰੀ ਦਾ ਚਸ਼ਮਾ (ਤਲਾਅ) ਬੰਦ ਹੋ ਗਿਆ ਅਤੇ ਉਸ ਦੇ ਪਾਣੀ ਦਾ ਭੰਡਾਰ ਖ਼ਾਲੀ ਹੋ ਗਿਆ। ਉਸ ਨੇ ਅੱਗ-ਬਗੂਲਾ ਹੋ ਕੇ ਉੱਪਰੋਂ ਇਕ ਪੱਥਰ ਗੁਰੂ ਜੀ ਵੱਲ ਰੋੜ੍ਹ ਦਿੱਤਾ ਪਰ ਗੁਰੂ ਜੀ ਨੇ ਉਸ ਨੂੰ ਆਪਣੇ ਹੱਥ ਨਾਲ ਰੋਕ ਲਿਆ ਤਾਂ ਵਲੀ ਕੰਧਾਰੀ ਦੇ ਹਿਰਦੇ 'ਚੋਂ ਹੰਕਾਰ ਦਾ ਪੱਥਰ ਚੂਰ-ਚੂਰ ਹੋ ਕੇ ਪਿਘਲ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿਚ ਆ ਡਿੱਗਾ। ਸੰਨ 1830 ਈਸਵੀ ਦੇ ਨੇੜੇ-ਤੇੜੇ ਪਿਸ਼ਾਵਰ ਫ਼ਤਹਿ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਵਿਸ਼ਵ-ਪ੍ਰਸਿੱਧ ਜਰਨੈਲ ਸ. ਹਰੀ ਸਿੰਘ ਨਲਵਾ ਨੇ ਇਸ ਪਵਿੱਤਰ ਗੁਰਧਾਮ ਦੀ ਨਿਸ਼ਾਨਦੇਹੀ ਕਰਵਾ ਕੇ ਇੱਥੇ ਗੁਰਦੁਆਰਾ ਅਤੇ ਸਰੋਵਰ ਬਣਵਾਇਆ ਅਤੇ ਇਸ ਦਾ ਨਾਮ ਪੰਜਾ ਸਾਹਿਬ ਰੱਖਿਆ।

ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਕਰਮ ਸਿੰਘ ਦਾ ਜਨਮ ਤਖਤ ਸ੍ਰੀ ਕੇਸਗੜ੍ਹ ਦੇ ਮਹੰਤ (ਮੁੱਖ ਸੇਵਾਦਾਰ) ਭਾਈ ਭਗਵਾਨ ਸਿੰਘ ਦੇ ਘਰ ਮਾਤਾ ਰੂਪ ਕੌਰ ਜੀ ਦੀ ਕੁੱਖੋਂ 14 ਨਵੰਬਰ 1885 ਈਸਵੀ ਨੂੰ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਂ ਸੰਤ ਸਿੰਘ ਸੀ ਪਰ ਅੰਮ੍ਰਿਤਪਾਨ ਕਰਨ ਸਮੇਂ ਪ੍ਰਚਲਿਤ ਗੁਰ ਮਰਿਆਦਾ ਅਨੁਸਾਰ ਨਵਾਂ ਨਾਂ ਕਰਮ ਸਿੰਘ ਰੱਖਿਆ ਗਿਆ। ਭਾਈ ਕਰਮ ਸਿੰਘ ਨੇ ਗੁਰਬਾਣੀ ਪਾਠ ਅਤੇ ਕਥਾ-ਕੀਰਤਨ ਦੀ ਸਿਖਲਾਈ ਆਪਣੇ ਪਿਤਾ ਜੀ ਭਾਈ ਭਗਵਾਨ ਸਿੰਘ ਪਾਸੋਂ ਲਈ ਜੋ ਬਹੁਤ ਵਿਦਵਾਨ ਅਤੇ ਗੁਰਮੁਖ ਸੱਜਣ ਸਨ। ਮਹਾਰਾਜਾ ਪਟਿਆਲਾ ਨੇ ਉਨ੍ਹਾਂ ਨੂੰ ਪਟਿਆਲੇ ਸੱਦ ਕੇ ਗੁਰਮਤਿ ਪ੍ਰਚਾਰ ਕਰਵਾਇਆ। ਪਿਤਾ ਜੀ ਤੋਂ ਬਾਅਦ ਭਾਈ ਕਰਮ ਸਿੰਘ ਉਨ੍ਹਾਂ ਦੀ ਥਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਮਹੰਤ (ਮੁੱਖ ਸੇਵਾਦਾਰ) ਬਣ ਗਏ।

ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਭਾਈ ਕਰਮ ਸਿੰਘ ਨੇ ਆਪ ਹੀ ਮਹੰਤੀ ਛੱਡ ਦਿੱਤੀ ਅਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦਿੱਤਾ। ਸੰਨ 1922 'ਚ ਗੁਰੂ ਕੇ ਬਾਗ਼ ਦਾ ਮੋਰਚਾ (ਸੰਘਰਸ਼) ਚੱਲ ਰਿਹਾ ਸੀ। ਇਸੇ ਦੌਰਾਨ ਭਾਈ ਕਰਮ ਸਿੰਘ ਆਪਣੀ ਸੁਪਤਨੀ ਕ੍ਰਿਸ਼ਨ ਕੌਰ ਸਮੇਤ ਪੰਜਾ ਸਾਹਿਬ ਗਏ। ਪੰਜਾ ਸਾਹਿਬ ਵਿਖੇ ਉਨ੍ਹਾਂ ਰਸਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਬੇਹੱਦ ਪ੍ਰਭਾਵਿਤ ਕੀਤਾ। ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਕੀਰਤਨੀਏ ਵਜੋਂ ਸੇਵਾ ਕਰਨ ਹਿੱਤ ਪੱਕੇ ਤੌਰ 'ਤੇ ਰੱਖ ਲਿਆ। ਅੰਗਰੇਜ਼ ਹਕੂਮਤ ਦੇ ਸਮੇਂ ਪੰਜਾਬ ਦੇ ਧਾਰਮਿਕ-ਸਮਾਜਿਕ-ਰਾਜਨੀਤਕ ਹਾਲਾਤ ਬਹੁਤ ਮਾੜੇ ਸਨ। ਇਤਿਹਾਸਕ ਗੁਰਦੁਆਰਿਆਂ 'ਤੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਦਾ ਕਬਜ਼ਾ ਸੀ ਜੋ ਸਿੱਖ ਸੰਗਤ ਵੱਲੋਂ ਸ਼ਰਧਾਵੱਸ ਭੇਟਾ ਕੀਤੇ ਚੜ੍ਹਾਵੇ ਅਤੇ ਸਬੰਧਤ ਜਾਇਦਾਦ ਨੂੰ ਆਪਣੀ ਨਿੱਜੀ ਐਸ਼ੋ-ਇਸ਼ਰਤ ਲਈ ਵਰਤ ਰਹੇ ਸਨ। ਗੁਰਦੁਆਰਿਆਂ ਦੇ ਪ੍ਰਬੰਧਕੀ ਸੁਧਾਰ ਲਈ ਕਈ ਮੋਰਚੇ ਲੱਗੇ ਅਤੇ ਖ਼ੂਨੀ ਸਾਕੇ ਵਾਪਰੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੋਂ ਪਹਿਲਾਂ ਪੰਜਾ ਸਾਹਿਬ ਵੀ ਉਦਾਸੀ ਮਹੰਤਾਂ ਦੇ ਪ੍ਰਬੰਧ ਅਧੀਨ ਸੀ।

ਗੁਰੂ ਕੇ ਬਾਗ਼ ਦਾ ਮੋਰਚਾ ਲੱਗਣ ਸਮੇਂ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਹੋਣ ਕਾਰਨ ਅੰਮ੍ਰਿਤਸਰ ਜੇਲ੍ਹ (ਕਿਲ੍ਹਾ ਗੋਬਿੰਦਗੜ੍ਹ) ਦੀ ਸੰਭਾਲ ਸਮਰੱਥਾ ਜਵਾਬ ਦੇ ਗਈ ਤਾਂ ਗ੍ਰਿਫਤਾਰ ਸਿੰਘਾਂ ਨੂੰ ਦੂਰ-ਦੂਰ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਣ ਲੱਗਾ। ਗੁਰੂ ਕਾ ਬਾਗ਼ ਮੋਰਚੇ ਦੇ ਗ੍ਰਿਫ਼ਤਾਰ ਜੁਝਾਰੂ ਸਿੰਘਾਂ ਨੂੰ ਅੰਮ੍ਰਿਤਸਰ ਤੋਂ ਅਟਕ ਜੇਲ੍ਹ (ਜ਼ਿਲ੍ਹਾ ਕੈਂਬਲਪੁਰ) ਵੱਲ ਲਿਜਾਣ ਵਾਲੀ ਰੇਲਗੱਡੀ ਨੂੰ ਸਥਾਨਕ ਸੰਗਤ ਵੱਲੋਂ ਹਸਨ ਅਬਦਾਲ (ਪੰਜਾ ਸਾਹਿਬ) ਦੇ ਰੇਲਵੇ ਸਟੇਸ਼ਨ ਉੱਤੇ ਰੋਕ ਕੇ ਲੰਗਰ-ਪਾਣੀ ਛਕਾਉਣ ਦਾ ਇੰਤਜ਼ਾਮ ਕੀਤਾ ਗਿਆ ਪਰ ਸਟੇਸ਼ਨ ਮਾਸਟਰ ਨੂੰ ਰੇਲਵੇ ਵਿਭਾਗ ਤੋਂ ਲੋੜੀਂਦੀ ਆਗਿਆ ਨਾ ਮਿਲਣ ਕਾਰਨ ਸਿੰਘਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਗੱਡੀ ਨੂੰ ਰੋਕਣ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ।

ਭਾਈ ਕਰਮ ਸਿੰਘ ਨੇ ਸਵੇਰ ਵੇਲੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਦੀਵਾਨ ਵਿਚ ਸੰਗਤ ਨੂੰ ਪ੍ਰੇਰਿਤ ਕੀਤਾ। ਲੰਗਰ-ਪਾਣੀ ਦਾ ਪ੍ਰਬੰਧ ਕਰਨ-ਕਰਵਾਉਣ ਉਪਰੰਤ ਅਰਦਾਸਾ ਸੋਧ ਕੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸਮੇਤ ਸਾਰੀ ਸੰਗਤ ਰੇਲਵੇ ਸਟੇਸ਼ਨ ਵੱਲ ਆ ਗਈ। ਸਟੇਸ਼ਨ ਮਾਸਟਰ ਨੇ ਪਿੱਛੋਂ ਮਿਲੀ ਇਤਲਾਹ ਅਨੁਸਾਰ ਮਜਬੂਰੀ ਪ੍ਰਗਟਾਈ ਕਿ ਗੱਡੀ ਨੂੰ ਇੱਥੇ ਰੋਕਿਆ ਨਹੀਂ ਜਾ ਸਕਦਾ। ਇਹ ਇਤਲਾਹ ਸੁਣਦੇ ਸਾਰ ਸੰਗਤ 'ਚ ਗ਼ਮ ਅਤੇ ਗੁੱਸੇ ਦੀ ਲਹਿਰ ਫੈਲ ਗਈ। ਫ਼ੈਸਲਾ ਹੋਇਆ ਕਿ ਲੰਗਰ ਹਰ ਹਾਲਤ ਵਿਚ ਛਕਾਉਣਾ ਹੈ ਅਤੇ ਗੱਡੀ ਨੂੰ ਅੱਗੇ ਨਹੀਂ ਜਾਣ ਦਿਆਂਗੇ। ਇਸ ਫ਼ੈਸਲੇ ਸਦਕਾ ਪੈਦਾ ਹੋਈ ਨਿਰਾਸ਼ਾ ਇਕਦਮ ਜੋਸ਼ ਵਿਚ ਬਦਲ ਗਈ।

ਲਗਪਗ ਤਿੰਨ ਸੌ ਸੰਗਤ ਸਮੇਤ ਗੁਰਦੁਆਰਾ ਪੰਜਾ ਸਾਹਿਬ ਦੇ ਪ੍ਰਬੰਧਕ (ਖ਼ਜ਼ਾਨਚੀ) ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਰੇਲਵੇ ਲਾਈਨ 'ਤੇ ਚੌਕੜੇ ਮਾਰ ਕੇ ਗੁਰਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਗੱਡੀ ਆਈ, ਡਰਾਈਵਰ ਨੇ ਹਾਰਨ ਵਜਾਇਆ ਪਰ ਕੋਈ ਵੀ ਆਪਣੀ ਜਗ੍ਹਾ ਤੋਂ ਨਾ ਹਿੱਲਿਆ। ਗੱਡੀ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਦੇ ਉਪਰੋਂ ਲੰਘ ਗਈ ਅਤੇ ਕਈਆਂ ਨੂੰ ਇੰਜਣ ਦੇ ਛੱਜੇ ਨੇ ਚੁੱਕ ਕੇ ਪਰੇ ਸੁੱਟ ਦਿੱਤਾ।

ਸੰਗਤ ਦੇ ਅਰਦਾਸੇ ਅਤੇ ਸ਼ਹੀਦਾਂ ਦੇ ਪ੍ਰਣ ਅਨੁਸਾਰ ਪਹਿਲਾਂ ਗ੍ਰਿਫ਼ਤਾਰ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਗਿਆ ਅਤੇ ਫਿਰ ਜ਼ਖ਼ਮੀ ਸਿੰਘਾਂ ਨੂੰ ਇੰਜਣ ਹੇਠੋਂ ਕੱਢਿਆ ਗਿਆ। ਸਿੱਖ ਇਤਿਹਾਸ, ਹੱਕ-ਸੱਚ ਤੇ ਇਨਸਾਫ਼ ਲਈ ਜੂਝਣ ਵਾਲੇ ਜੁਝਾਰੂਆਂ ਅਤੇ ਸ਼ਹਾਦਤ ਨੂੰ ਪ੍ਰੇਮ ਕਰਨ ਵਾਲੇ ਮਰਜੀਵੜਿਆਂ ਦੀ ਜੁਝਾਰੂ-ਗਾਥਾ ਹੈ। ਸਿੱਖ ਇਤਿਹਾਸ ਦਾ ਹਰੇਕ ਪੰਨਾ ਸ਼ਹੀਦ ਸਿੰਘਾਂ-ਸਿੰਘਣੀਆਂ, ਸਿਦਕਵਾਨਾਂ, ਮਰਜੀਵੜਿਆਂ, ਧਰਮ ਦੇ ਰਾਖਿਆਂ ਦੇ ਸਿਰਜਣਹਾਰਿਆਂ, ਮਹਾਨ ਪਰਉਪਕਾਰੀਆਂ ਸ਼ਹੀਦ ਭੁਝੰਗੀਆਂ ਦੇ ਪਵਿੱਤਰ ਖ਼ੂਨ ਨਾਲ ਲਿਖਿਆ ਹੋਇਆ ਹੈ। ਅਜੋਕੇ ਦੌਰ 'ਚ ਵੀ ਬੇਅੰਤ ਮਰਦ-ਔਰਤਾਂ ਅਤੇ ਬੱਚੇ-ਬੁੱਢਿਆਂ ਨੇ ਸ਼ਹੀਦੀਆਂ ਦੇ ਕੇ ਹੱਕ-ਸੱਚ ਅਤੇ ਨਿਆਂ 'ਤੇ ਡਟੇ ਰਹਿਣ ਦੀ ਧਰਮ-ਪਰੰਪਰਾ ਨੂੰ ਕਾਇਮ ਰੱਖਿਆ ਹੈ। ਵੀਹਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਗੁਰਦੁਆਰਿਆਂ ਦੇ ਪ੍ਰਬੰਧਕੀ ਵਿਗਾੜਾਂ ਨੂੰ ਦੂਰ ਕਰਨ ਲਈ ਚੱਲੀ ਸੁਧਾਰ ਲਹਿਰ ਸਮੇਂ ਵਾਪਰੇ ਸਾਕਿਆਂ ਅਤੇ ਮੋਰਚਿਆਂ ਦੌਰਾਨ ਅਨੇਕ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਗੁਰਦੁਆਰੇ, ਸਵਾਰਥੀ ਅਤੇ ਆਚਰਨਹੀਣ ਪ੍ਰਬੰਧਕਾਂ (ਮਹੰਤਾਂ) ਦੀ ਇਜ਼ਾਰੇਦਾਰਾਨਾ ਗ੍ਰਿਫਤ ਤੋਂ ਮੁਕਤ ਹੋਏ।

ਪੰਜਾ ਸਾਹਿਬ ਦੇ ਸਾਕੇ ਸਮੇਂ ਸ਼ਹੀਦੀ ਜਾਮ ਪੀਣ ਵਾਲੇ ਭਾਈ ਕਰਮ ਸਿੰਘ ਅਜਿਹੇ ਹੀ ਮਰਜੀਵੜੇ ਸਿੱਖ ਸਨ ਜਿਨ੍ਹਾਂ ਆਪਣੇ ਭੁੱਖੇ-ਪਿਆਸੇ ਜੁਝਾਰੂ ਵੀਰਾਂ ਨੂੰ ਲੰਗਰ-ਪਾਣੀ ਛਕਾਉਣ ਦੇ ਦ੍ਰਿੜ੍ਹ ਇਰਾਦੇ ਨਾਲ ਹਸਨ ਅਬਦਾਲ (ਪੰਜਾ ਸਾਹਿਬ) ਦੇ ਸਟੇਸ਼ਨ 'ਤੇ ਰੇਲਗੱਡੀ ਰੋਕਣ ਦੇ ਮਿਸ਼ਨ ਲਈ ਸ਼ਹੀਦੀ ਜਾਮ ਪੀਣਾ ਪ੍ਰਵਾਨ ਕੀਤਾ। ਸ਼ਹੀਦ ਭਾਈ ਕਰਮ ਸਿੰਘ ਜੀ ਦੀ ਯਾਦ ਵਿਚ ਬਾਜ਼ਾਰ ਨੰਬਰ 6 (ਕਿੱਤੇ) ਗੁਰੂ ਨਾਨਕ ਪੁਰਾ ਸੁਲਤਾਨਵਿੰਡ ਰੋਡ ਵਿਖੇ 1952 ਵਿਚ ਗੁਰੂਦੁਆਰਾ ਸਾਹਿਬ ਸਥਾਪਤ ਕੀਤਾ ਗਿਆ। ਪਿਛਲੇ ਸਮੇਂ 'ਚ ਗੁਰਦੁਆਰਾ ਸਾਹਿਬ ਦਾ ਵਿਸਥਾਰ ਆਧੁਨਿਕ ਢੰਗ ਨਾਲ ਕਰਨ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।

ਗੁਰਦੁਆਰਾ ਸਾਹਿਬ ਦੀ ਉੱਪਰਲੀ ਛੱਤ ਦੇ ਵੱਡੇ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਜਿੱਥੇ ਸਵੇਰੇ-ਸ਼ਾਮ ਮਰਿਆਦਾ ਅਨੁਸਾਰ ਨਿੱਤਨੇਮ ਦੀ ਸੇਵਾ ਨਿਭਾਈ ਜਾਂਦੀ ਹੈ।