Visitor:  5483995 Date:  , Nankana Sahib Time :

'ਬੁਲਿਟ' ਦਾ ਜਵਾਬ 'ਬੈਲਟ' ਰਾਹੀਂ - ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ

'ਬੁਲਿਟ' ਦਾ ਜੁਆਬ ਕੈਨੇਡਾ ਵੱਸਦੇ ਸਿੱਖਾਂ ਵੱਲੋਂ 'ਵੋਟ' ਨਾਲ ਦੇਣਾ
( Ballet, not Bullet )

ਕੈਨੇਡਾ ਦੀ ਧਰਤੀ 'ਤੇ ਵੱਖਰੇ ਦੇਸ਼ ਲਈ ਰਾਇਸ਼ੁਮਾਰੀ ਦੀ ਮੰਗ ਕੋਈ ਨਵੀਂ ਗੱਲ ਨਹੀਂ। ਬੇਸ਼ੱਕ ਅੱਜ ਇਸ ਵੇਲੇ ਸਰੀ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਵਿਖੇ ਖਾਲਿਸਤਾਨ ਰਾਏਸ਼ੁਮਾਰੀ ਲਈ ਵੋਟਾਂ ਪੈ ਰਹੀਆਂ ਹਨ। ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਸ ਵਿੱਚ ਹੱਕ ਜਾਂ ਵਿਰੋਧ ਵਿੱਚ ਵੋਟ ਪਾਉਣ ਦਾ ਖੁੱਲ੍ਹਾ ਸੱਦਾ ਹੈ। ਇੱਥੇ ਕੁੱਝ ਗੱਲਾਂ ਧਿਆਨ ਦੇਣ ਯੋਗ ਹਨ। ਕੈਨੇਡਾ ਵਿਚ ਰਾਇ ਸ਼ੁਮਾਰੀ ਦੀ ਗੱਲ ਅਕਸਰ ਹੀ ਹੁੰਦੀ ਰਹਿੰਦੀ ਹੈ ਅਤੇ ਇੱਥੋਂ ਦੇ ਕਿੳਬੈਕ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਦੀ ਮੰਗ ਨੂੰ ਕਦੇ ਵੀ ਸਰਕਾਰ ਨੇ ਗਲਤ ਕਰਾਰ ਨਹੀਂ ਦਿੱਤਾ ਅਤੇ ਨਾ ਹੀ ਕੋਈ ਪਬੰਦੀ ਲਾਈ ਹੈ।

ਚਾਰਟਰ ਆਫ ਰਾਇਟਸ, ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ' ਤਹਿਤ ਕੈਨੇਡਾ ਦੇ ਸੂਬੇ ਕਿਉਬਿਕ ਵਿੱਚ ਲਗਾਤਾਰ ਰੈਫਰੈਂਡਮ ਹੋਏ ਹਨ, ਪਰ ਪਿਛਲੇ ਦਿਨੀਂ ਕੈਨੇਡਾ ਵਿਚ ਖਾਲਿਸਤਾਨੀ ਰਾਇਸ਼ਮਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਆਗੂ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਕਾਇਰਤਾ ਪੂਰਨ ਢੰਗ ਨਾਲ ਕਤਲ ਕਰ ਦਿੱਤਾ ਗਿਆ। ਭਾਈ ਨਿੱਝਰ ਭਾਰਤ ਵਿਚ ਸੰਨ1984 ਤੋਂ ਲੈ ਕੇ ਲਗਾਤਾਰ ਸਿੱਖਾਂ ਦੇ ਕਤਲੇਆਮ ਦੇ ਖਿਲਾਫ, ਰਾਏਸ਼ੁਮਾਰੀ ਦਾ ਤਰੀਕਾ ਅਪਣਾ ਕੇ ਸ਼ਾਂਤਮਈ ਢੰਗ ਰਾਹੀਂ ਆਵਾਜ਼ ਉਠਾ ਰਹੇ ਸਨ।

ਸਿਤਮਜ਼ਰੀਫੀ ਇਹ ਹੈ ਕਿ 'ਬੁਲਿਟ' ਦਾ ਜਵਾਬ 'ਬੈਲਟ' ਰਾਹੀਂ ਦੇਣ ਵਾਲੇ ਸ਼ਹੀਦ ਭਾਈ ਹਰਦੀਪ ਸਿੰਘ ਨਿਝੱਰ ਲਈ 'ਬੁਲਿਟ' ਦੀ ਵਰਤੋਂ ਕਰਨਾ ਕਾਇਰਤਾ ਦਾ ਸਿਖਰ ਹੈ। ਕੈਨੇਡਾ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ, ਤਾਂ 5 ਸਤੰਬਰ 1914 ਨੂੰ ਕੈਨੇਡਾ ਦੇ ਗੁਰਦਵਾਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਉਸ ਸਮੇਂ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਦਾ, ਉਸ ਸਮੇਂ ਦੇ ਬ੍ਰਿਟਿਸ਼ ਭਾਰਤੀ ਸਰਕਾਰ ਨੇ ਖੁਫੀਆ ਏਜੰਸੀਆਂ ਤੇ ਭਾੜੇ ਦੇ ਜਾਸੂਸ ਵਿਲੀਅਮ ਹੌਪਕਿਨਸਸਨ ਦੇ ਇਸ਼ਾਰੇ 'ਤੇ, ਕੌਮ ਦੇ ਗੱਦਾਰ ਅਤੇ ਮੁਖ਼ਬਰ ਬੇਲੇ ਜਿਆਣ ਰਾਹੀਂ ਕਤਲ ਕਰਵਾਇਆ ਸੀ।

109 ਸਾਲ ਬਾਅਦ ਫਿਰ ਇਤਿਹਾਸ ਦੁਹਰਾਇਆ ਗਿਆ ਹੈ, ਜਦੋਂ ਕਿ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੰਡੀਅਨ ਇੰਟੈਲੀਜੈਂਸੀ ਦੇ ਇਸ਼ਾਰੇ 'ਤੇ ਭਾੜੇ ਦੇ ਕਾਤਲਾਂ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰਵਾਉਣ ਦੇ 'ਗੰਭੀਰ ਦੋਸ਼', ਕੈਨੇਡਾ ਵਸਦੇ ਸਿੱਖ ਭਾਈਚਾਰੇ ਵੱਲੋਂ ਲਾਏ ਗਏ ਹਨ। ਉਹ ਕੈਨੇਡਾ ਦੀ ਧਰਤੀ 'ਤੇ ਸੇਵਾ ਦੌਰਾਨ ਸ਼ਹੀਦ ਹੋਣ ਵਾਲੇ ਦੂਜੇ ਪ੍ਰਧਾਨ ਸਨ। ਗੁਰਦਵਾਰੇ ਦੀ ਸੇਵਾ ਸੰਭਾਲ ਦੇ ਪ੍ਰਸੰਗ ਵਿਚ ਉਨ੍ਹਾਂ ਵੱਡੇ-ਵਡੇਰਿਆਂ ਵਾਲਾ ਗੌਰਵਮਈ ਇਤਿਹਾਸ ਦੁਹਰਾਇਆ।

ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਮੋਢੀ ਸਿੱਖ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ ਵਾਲੇ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ 'ਸੰਤ ਤੇਜਾ ਸਿੰਘ ਐਲਾਨਨਾਮਾ' ਸਤਿਕਾਰ ਸਹਿਤ ਸਵੀਕਾਰ ਕੀਤਾ। ਇਸ ਤੋਂ ਇਲਾਵਾ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਲਈ ਸਿਟੀ ਕੌਂਸਲ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕਪੱਕਮਾਯੇਰ ਵੱਲੋਂ ਜਾਰੀ ਐਲਾਨਨਾਮੇ ਲਈ ਭਾਈ ਨਿੱਝਰ ਨੇ ਕੌਂਸਲਰ ਚੱਕਪੱਕਮਾਯੇਰ ਨੂੰ ਸਨਮਾਨ ਦਿੱਤਾ।

ਦਰਅਸਾਲ ਭਾਈ ਮੇਵਾ ਸਿੰਘ ਲੋਪੋਕੇ ਜਿੱਥੇ ਕੈਨੇਡਾ ਦੇ ਸੁਚੇਤ ਪੱਧਰ 'ਤੇ ਪਹਿਲੇ ਸ਼ਹੀਦ ਸਨ, ਉਥੇ ਭਾਈ ਹਰਦੀਪ ਸਿੰਘ ਨਿੱਝਰ ਉਸੇ ਤਰਾਂ ਹੀ ਸੁਚੇਤ ਮਨ ਨਾਲ ਸ਼ਹੀਦੀ ਪਾਉਣ ਵਾਲੇ ਸਿੱਖ ਯੋਧੇ ਸਨ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਹਰਦੀਪ ਸਿੰਘ ਨਿੱਝਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਮੁੱਖ ਰੱਖਣ ਦੇ ਨਾਲ-ਨਾਲ, ਕੈਨੇਡਾ ਦੇ ਮੂਲ ਵਾਸੀਆਂ ਦੀ ਮੱਦਦ ਲਈ ਅੱਗੇ ਹੋ ਕੇ ਹਾਅ ਦਾ ਨਾਹਰਾ ਮਾਰਦੇ ਰਹੇ। ਭਾਰਤ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਦੀ ਰਿਹਾਈ ਲਈ ਪਟੀਸ਼ਨਾਂ ਦਸਤਖ਼ਤ ਕਰਵਾਉਣ ਦਾ ਸਿਹਰਾ ਵੀ ਭਾਈ ਨਿੱਝਰ ਦੇ ਸਿਰ ਬੱਝਦਾ ਹੈ।

ਮਨੁੱਖੀ ਹੱਕਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ, ਤੀਸਤਾ ਸੀਤਲਵਾੜ, ਰਾਣਾ ਆਯੂਬ, ਆਨੰਦ ਤਲਤੁੰਬੜੇ, ਸਟੈਨ ਸੁਆਮੀ ਅਤੇ ਅਨੇਕਾਂ ਹੋਰਨਾਂ ਬਾਰੇ ਜਦੋਂ ਵੀ ਕੋਈ ਰੋਸ ਮੁਜ਼ਾਹਰਾ ਰੱਖਿਆ ਜਾਂਦਾ, ਉਹ ਅਗ੍ਹਾਂਹ ਹੋ ਕੇ ਸ਼ਮੂਲੀਅਤ ਕਰਦੇ। ਭਾਈ ਹਰਦੀਪ ਸਿੰਘ ਨਿੱਝਰ ਜਿੱਥੇ ਭਾਰਤੀ ਜੇਲ੍ਹਾਂ ਵਿਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਅਵਾਜ਼ ਉਠਾਉਂਦੇ, ਉਥੇ ਉਹ ਮਨੁੱਖੀ ਹੱਕਾਂ ਲਈ ਜੂਝ ਰਹੇ ਹਰ ਮੁਲਕ, ਰੰਗ, ਨਸਲ, ਧਰਮ, ਫ਼ਿਰਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ।

ਚਾਹੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਉੱਘੇ ਐਡਵੋਕੇਟ ਰੰਜਨ ਲਖਣ ਪਾਲ ਹੋਣ ਅਤੇ ਚਾਹੇ ਸਿਆਟਲ ਵਿੱਚ ਜਾਤੀ ਵਿਤਕਰੇ ਖਿਲਾਫ ਮਤਾ ਲਿਆਉਣ ਵਾਲੀ ਸ਼ਾਮਾ ਸਾਵੰਤ ਹੋਵੇ, ਚਾਹੇ ਕੈਨੇਡਾ ਵਿੱਚ ਪੰਜਾਬੀ ਲਈ ਸੇਵਾਵਾਂ ਨਿਭਾਉਣ ਵਾਲੀ ਕੋਈ ਵੀ ਸਾਹਿਤ ਸਭਾ ਦੇ ਲੇਖਕ ਹੋਣ ਅਤੇ ਚਾਹੇ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਅਤੇ ਪੰਜਾਬੀ ਦੀ ਸੇਵਾ ਸੰਭਾਲ ਲਈ ਕੰਮ ਕਰ ਰਹੇ ਲਿਖਾਰੀ ਹੋਣ, ਭਾਈ ਹਰਦੀਪ ਸਿੰਘ ਨਿੱਝਰ ਅਥਾਹ ਨਿਮਰਤਾ ਸਹਿਤ, ਸਭ ਦਾ ਸਨਮਾਨ ਕਰਦੇ। ਇਸ ਰੱਬੀ ਰੂਹ ਵਲੋਂ ਨਿਸ਼ਕਾਮ ਸੇਵਾ ਅਧੀਨ ਹੋਰ ਵੀ ਬਹੁਤ ਕਾਰਜ ਕੀਤੇ ਗਏ ਹਨ, ਜੋ ਆਪਣੇ ਆਪ ਵਿੱਚ ਮਿਸਾਲ ਹਨ। ਭਾਈ ਹਰਦੀਪ ਸਿੰਘ ਨਿੱਝਰ ਮਨੁੱਖੀ ਅਧਿਕਾਰਾਂ ਨੂੰ ਸਮਰਪਤ ਹੋਣ ਦੇ ਨਾਲ-ਨਾਲ, ਮਾਨਵੀ ਸੇਵਾਵਾਂ ਦੇ ਵੀ ਅਲੰਬਰਦਾਰ ਸਨ। ਜਿਥੇ ਇਕ ਪਾਸੇ ਉਹ ਸਿੱਖ ਸੰਘਰਸ਼ ਦੇ ਨਾਇਕ ਹਨ, ਉਥੇ ਦੂਜੇ ਪਾਸੇ ਉਹਨਾਂ ਨਿਸ਼ਕਾਮ ਸੇਵਾ ਅਧੀਨ ਬਹੁਤ ਕਾਰਜ ਕੀਤੇ ਗਏ ਹਨ।

ਤਿੰਨ ਸਾਲ ਪਹਿਲਾਂ ਕੈਨੇਡਾ ਆਏ ਅੰਤਰ-ਰਾਸ਼ਟਰੀ ਭਾਰਤੀ ਵਿਦਿਆਰਥੀਆਂ ਨੂੰ ਖਾਣੇ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਮੱਦੇ ਨਜ਼ਰ, ਉਨ੍ਹਾਂ ਨੂੰ ਲੰਗਰ ’ਚੋਂ ਪੈਕ ਖਾਣਾ ਘਰ ਲਿਜਾਣ ਦੀ ਸ਼ੁਰੂਆਤ ਭਾਈ ਹਰਦੀਪ ਸਿੰਘ ਨਿੱਝਰ ਨੇ ਹੀ ਕਰਵਾਈ ਸੀ। ਗੁਰਦੁਆਰਾ ਸਾਹਿਬ ਅੰਦਰ ਸਿੱਖ ਰਵਾਇਤ ਅਨੁਸਾਰ ਲੋੜਵੰਧ ਲਈ ਰਿਹਾਇਸ਼, ਦਵਾ-ਦਾਰੂ ਅਤੇ ਆਰਥਿਕ ਮਦਦ ਆਦਿ ਦਾ ਪ੍ਰਬੰਧ ਕਾਇਮ ਕੀਤਾ ਸੀ। ਉਹਨਾਂ ਨੇ ਸੂਬੇ ਵਿੱਚ ਹੜ੍ਹਾਂ, ਜੰਗਲੀ ਅੱਗਾਂ ਅਤੇ ਕਰੋਨਾ ਕਾਲ ਦੌਰਾਨ ਮਾਨਵੀ ਸੇਵਾਵਾਂ ਸਭ ਤੋਂ ਮੋਹਰੀ ਰੋਲ ਨਿਭਾਇਆ।

ਬੇਸ਼ੱਕ ਭਾਰਤ ਦਾ ਗੋਦੀ ਮੀਡੀਆ ਏਜੰਸੀਆਂ ਦੇ ਇਸ਼ਾਰੇ 'ਤੇ ਭਾਈ ਹਰਦੀਪ ਸਿੰਘ ਨਿਝਰ ਬਾਰੇ ਜੋ ਮਰਜ਼ੀ ਲਿਖੇ, ਪਰ ਕੈਨੇਡਾ ਦੇ ਮੀਡੀਏ ਨੇ ਬਿਆਨ ਕੀਤਾ ਹੈ ਕਿ ਇਤਿਹਾਸ ਵਿਚ ਕਿਸੇ ਵਿਅਕਤੀ ਨੂੰ, ਉਸ ਦੇ ਮਰਨ ਉਪਰੰਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ, ਵੱਡੀ ਗੱਲ ਹੈ। ਖਾਲਸਾਈ ਬਿਰਤਾਂਤ ਸਿੱਖੀ ਦੇ ਸਰਬਤ ਦੇ ਭਲੇ ਦੇ ਸੰਕਲਪ ਅਤੇ ਜਬਰ ਖ਼ਿਲਾਫ਼ ਡਟਣ ਦੇ ਸਿਧਾਂਤ ਬਖਸ਼ਦੇ ਹਨ। ਸਰਬਤ ਦੇ ਹੱਕਾਂ ਲਈ ਲੜਨ ਵਾਲੇ ਇਹ ਸਿੱਖ ਐਕਟਿਵਿਸਟ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਰਹੇ ਹਨ।

ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਦੀ ਅਗਵਾਈ ਵਿਚ ਚੱਲਣ ਵਾਲੀਇਹ ਉਹੀ ਸਿੱਖ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋ- ਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।

ਅੱਜ ਇਹ ਸਾਰੇ ਮਿਲ ਕੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਲਈ ਇਨਸਾਫ ਦੀ ਮੰਗ ਰਾਏਸ਼ੁਮਾਰੀ ਦੇ ਪ੍ਰਤੀ ਵੋਟਾਂ ਪਾ ਕੇ ਕਰ ਰਹੇ ਹਨ, ਜਿਨ੍ਹਾਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਹੱਕ, ਸੱਚ ਤੇ ਇਨਸਾਫ ਲਈ ਫਾਸ਼ੀਵਾਦੀ ਅਤੇ ਮਨੂਵਾਦੀ ਤਾਕਤਾਂ ਖਿਲਾਫ਼ ਲੜਾਈ ਲੜੀ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। "ਚਾਰਟਰ ਆਫ ਰਾਇਟਸ, ਇਕਸਪਰੈਸ਼ਨ ਫਰੀਡਮ ਭਾਵ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ' ਤਹਿਤ ਕੈਨੇਡਾ ਦੇ ਸੂਬੇ ਕਿਉਬਿਕ ਵਿੱਚ ਲਗਾਤਾਰ ਰੈਫਰੈਂਡਮ ਹੋਏ ਹਨ, ਪਰ ਭਾਰਤੀ ਦਬਾਉ ਕਾਰਨ ਕੈਨੇਡਾ ਵਸਦੇ ਆਮ ਲੋਕਾਂ (ਪੰਜਾਬੀ , ਸਿੱਖਾਂ ) ਕੋਲ਼ੋਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੁਢਲਾ ਹੱਕ ਵੀ ਖੋਹਿਆ ਜਾ ਰਿਹਾ ਹੈ। ਕੈਨੇਡਾ ਦੇ ਪੌਲੀਟੀਸ਼ਨਜ਼ ਵੀ ਲੋਕਾਂ ਸਾਹਮਣੇ ਨੰਗੇ ਹੋ ਗਏ ਹਨ, ਜਿਹਨਾਂ ਨੂੰ ਕਿ 'ਭਾਰਤੀ ਸਰਕਾਰ ਦੀ AK 47' ਦਾ ਜੁਆਬ ਕੈਨੇਡਾ ਵੱਸਦੇ ਸਿੱਖਾਂ ਵੱਲੋਂ ਵੋਟ ਨਾਲ ਦੇਣਾ ( Ballet, not Bullet ) ਵੀ ਸਮਝ ਨਹੀਂ ਆ ਰਿਹਾ।

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਦਿਆਂ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਕੇਂਦਰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਖੋਲ ਕੇ ਅਤੇ ਡੱਟ ਕੇ ਸਾਥ ਦੇਣ ਦਾ ਅਹਿਦ ਲਿਆ ਹੈ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਆਪੀਲ ਕੀਤੀ ਹੈ ਕਿ ਭਾਰਤੀ ਸਰਕਾਰ ਦੀ AK47 BULLET, ਜਿਸ ਨੇ ਦਿਨ-ਦਿਹਾੜੇ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕੀਤਾ ਹੈ, ਦਾ ਕੈਨੇਡਾ ਦੇ ਕਾਨੂੰਨ ਤਹਿਤ 'VOTE Ballet' ਰਾਹੀਂ ਡੱਟ ਕੇ ਸਾਥ ਦਿੱਤਾ ਜਾਵੇ!

ਸਤੰਬਰ 2023 ਦਿਨ ਐਤਵਾਰ

ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਕੇਂਦਰ :
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ