ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਦੀ 24ਵੀਂ ਸਾਲਾਨਾ ਸਾਹਿਤਕ ਕਾਨਫ਼ਰੰਸ ਸਫ਼ਲਤਾ ਪੂਰਨ ਨੇਪਰੇ ਚੜ੍ਹੀ
ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਵੱਲੋਂ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ 24ਵੀਂ ਸਾਲਾਨਾ ਸਾਹਿਤਕ ਕਾਨਫ਼ਰੰਸ ਸਫ਼ਲਤਾ ਪੂਰਨ ਸੰਪੂਰਨ ਹੋਈ। ਕਾਨਫ਼ਰੰਸ ਦੇ ਪਹਿਲੇ ਦਿਨ ਨਵੰਬਰ 16, 2024 ਨੂੰ ਸੰਗੀਤਕ ਸ਼ਾਮ ਆਯੋਜਿਤ ਕੀਤੀ ਗਈ। ਹੇਵਰਡ, ਸੈਫਾਇਰ ਬੈਂਕੁਇਟ ਹਾਲ ਵਿੱਚ ਮਹਿਮਾਨ ਆਉਣੇ ਸ਼ੁਰੂ ਹੋਏ। ਰਿਸੈਪਸ਼ਨ ਮੇਜ਼ ‘ਤੇ ਗੁਲਸ਼ਨ ਦਿਆਲ, ਕੰਵਲਦੀਪ ਕੌਰ ਅਤੇ ਲਾਜ ਨੀਲਮ ਸੈਣੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਚਾਹ-ਪਾਣੀ ਤੋਂ ਬਾਅਦ ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਮਹਿਮਾਨ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਕਾਦਮੀ 2001 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰ ਰਹੀ ਹੈ। ਅਸੀਂ ਸਮੇਂ ਸਮੇਂ ਲੇਖਕਾਂ ਦੀਆਂ ਕਿਤਾਬਾਂ ਉੱਪਰ ਗੋਸ਼ਟੀਆਂ ਅਤੇ ਰੂ ਬ ਰੂ ਕਰਵਾਏ ਹਨ। ਅਕਾਦਮੀ ਨੇ ਇਹਨਾਂ ਸਾਲਾਂ ਦੌਰਾਨ ਕਈ ਵੱਡੀਆਂ ਕਾਨਫ਼ਰੰਸਾਂ ਕਰਵਾਈਆਂ ਹਨ। ਦੇਸ ਵਿਦੇਸ਼ ਤੋਂ ਵਿਦਵਾਨ, ਲੇਖਕ ਅਤੇ ਅਲੋਚਕ ਸ਼ਾਮਲ ਹੁੰਦੇ ਰਹੇ ਹਨ। ਉਸ ਨੇ ਵਿਪਸਾਅ ਦੀ ਕਾਰਜਕਾਰਨੀ ਨਾਲ਼ ਜਾਣ-ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਇਸ ਵਰ੍ਹੇ ਚਰਨਜੀਤ ਸਿੰਘ ਪੰਨੂ, ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਅਮਰਜੀਤ ਕੌਰ ਪੰਨੂੰ ਮੀਤ-ਪ੍ਰਧਾਨ, ਜਗਜੀਤ ਨੌਸ਼ਹਿਰਵੀ ਜਨਰਲ ਸਕੱਤਰ, ਲਾਜ ਨੀਲਮ ਸੈਣੀ ਸਾਹਿਤ ਸਕੱਤਰ ਅਤੇ ਗੁਲਸ਼ਨ ਦਿਆਲ ਤੇ ਤਾਰਾ ਸਾਗਰ ਨੇ ਵਿੱਤ ਸਕੱਤਰ ਵਜੋਂ ਪੂਰੀ ਲਗਨ ਨਾਲ਼ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਵਿਪਸਾਅ ਮੈਂਬਰ ਸ੍ਰ ਹਰਭਜਨ ਢਿੱਲੋਂ ਅਤੇ ਜਨਾਬ ਆਜ਼ਾਦ ਜਲੰਧਰੀ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਸੁਰਜੀਤ ਪਾਤਰ ਯਾਦਗਾਰੀ ਸੈਸ਼ਨ ਸ਼ੁਰੂ ਹੋਇਆ। ਕਾਨਫਰੰਸ ਦੇ ਸਪਾਂਸਰ ਡਾ. ਸਰਬਜੀਤ ਸਿੰਘ ਹੁੰਦਲ, ਸੁਰਿੰਦਰ ਸਿੰਘ ਸੁੰਨੜ, ਡਾ. ਦਲਵੀਰ ਸਿੰਘ ਪੰਨੂ, ਅਤੇ ਗੁਰਦੀਪ ਸਿੰਘ ਸੇਖੋਂ ਦੇ ਨਾਲ਼ ਪ੍ਰਧਾਨ ਕੁਲਵਿੰਦਰ, ਸ਼ਾਇਰ ਜਸਵਿੰਦਰ, ਡਾ. ਲਖਵਿੰਦਰ ਜੌਹਲ, ਅਤੇ ਡਾ. ਵਰਿਆਮ ਸਿੰਘ ਸੰਧੂ ਸਟੇਜ ਤੇ ਸੁਸ਼ੋਭਿਤ ਹੋਏ। ਇਸ ਸੈਸ਼ਨ ਦੀ ਕਾਰਵਾਈ ਡਾ. ਸੁਖਵਿੰਦਰ ਕੰਬੋਜ ਨੇ ਨਿਭਾਈ। ਕਾਨਫ਼ਰੰਸ ਦੇ ਮੁੱਖ ਸਪਾਂਸਰ ਸ੍ਰ ਜਸਵੀਰ ਸਿੰਘ ਗਿੱਲ ਆਪਣੇ ਕਾਰੋਬਾਰੀ ਰੁਝੇਵਿਆਂ ਕਾਰਣ ਕਾਨਫ਼ਰੰਸ ਵਿੱਚ ਸ਼ਾਮਲ ਨਾ ਹੋ ਸਕੇ। ਡਾ. ਹੁੰਦਲ ਨੇ ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੇ ਬਹੁਤ ਸਾਰੇ ਸ਼ਿਅਰ ਸਾਂਝੇ ਕੀਤੇ। ਜਲੰਧਰ ਤੋਂ ਆਏ ਉੱਘੇ ਕਵੀ ਅਤੇ ਆਲੋਚਕ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਸੁਰਜੀਤ ਪਾਤਰ ਨਾਲ਼ ਬਿਤਾਏ ਸਾਲਾਂ ਨੂੰ ਯਾਦ ਕਰਦਿਆਂ ਸੁਰਜੀਤ ਪਾਤਰ ਨੂੰ ਇੱਕ ਅਤਿ ਸਹਿਜ ਅਤੇ ਸੰਵੇਦਨਸ਼ੀਲ ਵਿਅਕਤੀ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਰਜੀਤ ਪਾਤਰ ਤੋਂ ਬਹੁਤ ਕੁਝ ਸਿੱਖਿਆ ਹੈ, ਜਿਵੇਂ ਸਮਾਜ ਵਿੱਚ ਵਿਚਰਨ ਦੀ ਕਲਾ ਅਤੇ ਕਵਿਤਾ ਦੀਆਂ ਗਹਿਰਾਈਆਂ। ਡਾਕਟਰ ਜੌਹਲ ਨੇ ਕਿਹਾ ਕਿ ਹੁਣ ਯਾਦ ਕਰਦਿਆਂ ਅਜਿਹਾ ਲੱਗਦਾ ਹੈ ਕਿ ਜਿਵੇਂ ਪਾਤਰ ਨੂੰ ਆਪਣੇ ਜਲਦੀ ਚਲੇ ਜਾਣ ਦਾ ਅਹਿਸਾਸ ਹੋਣ ਲੱਗ ਪਿਆ ਸੀ। ਉਹਨਾਂ ਕਿਹਾ ਕਿ ਪਾਤਰ ਸਾਹਿਬ ਹਰ ਸਾਹਿਤਕ ਕੰਮ ਨੂੰ ਬਹੁਤ ਸੰਜੀਦਗੀ ਨਾਲ਼ ਲੈਂਦੇ ਅਤੇ ਤਨਦੇਹੀ ਨਾਲ਼ ਸੰਪੂਰਨ ਕਰਦੇ। ਡਾ. ਵਰਿਆਮ ਸੰਧੂ ਨੇ ਪਾਤਰ ਨਾਲ਼ ਆਪਣੀ ਪੰਜਾਹ ਸਾਲਾਂ ਦੀ ਸਾਂਝ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਾਤਰ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜਗਮਗਉਂਦੀ ਰਹੇਗੀ। ਉਸ ਨੇ ਜ਼ਿੰਦਗੀ ਦੇ ਹਰ ਪਹਿਲੂ ਅਤੇ ਸਮਾਜ ਨੂੰ ਦਰਪੇਸ਼ ਹਰ ਸਮੱਸਿਆ ‘ਤੇ ਬਾਖ਼ੂਬੀ ਲਿਖਿਆ। ਉਨ੍ਹਾਂ ਭਾਵੁਕਤਾ ਨਾਲ਼ ਪਾਤਰ ਦਾ ਸ਼ਿਅਰ ਸਾਂਝਾ ਕੀਤਾ:
ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ੍ਰੀ ਹੋ ਕੇ ਵੀ ਪਾਤਰ, ਤੂੰ ਮੇਰਾ ਸੁਰਜੀਤ ਰਹੇਂਗਾ
ਇਸ ਉਪਰੰਤ ਸ਼ਾਇਰਾ ਸੁਰਜੀਤ ਸਖੀ ਨੇ ਸੰਗੀਤਕ ਮਹਿਫ਼ਲ ਲਈ ਮੰਚ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਭਾਰਤ ਤੋਂ ਹੁਣੇ ਜਿਹੇ ਹੀ ਪਰਵਾਸ ਕਰਕੇ ਆਈ ਸੁਰੀਲੀ ਜੋੜੀ ਸੁਰਿੰਦਰ ਪਾਲ ਸਿੰਘ ਅਤੇ ਮੀਨੂੰ ਸਿੰਘ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਸ਼ਬਦ ਗਾਇਨ ਤੋਂ ਬਾਅਦ ਪਾਤਰ ਦੀ ਗ਼ਜ਼ਲ ਅਤੇ ਸਖੀ ਦਾ ਗੀਤ ਗਾ ਕੇ ਮਾਹੌਲ ਸੰਜੀਦਾ ਬਣਾ ਦਿੱਤਾ। ਸੁਖਦੇਵ ਸਾਹਿਲ ਨੇ ਸੁਰਜੀਤ ਪਾਤਰ, ਕੁਲਵਿੰਦਰ, ਜਸਵਿੰਦਰ, ਜਗਜੀਤ, ਸੁਰਿੰਦਰ ਸੀਰਤ ਅਤੇ ਹਰਜਿੰਦਰ ਕੰਗ ਆਦਿ ਦੀਆਂ ਗ਼ਜ਼ਲਾਂ ਨੂੰ ਸੁਰ ਦੇ ਕੇ ਸ਼ਾਮ ਨੂੰ ਸੁਰਮਈ ਰੰਗ ਵਿੱਚ ਢਾਲ਼ ਦਿੱਤਾ। ਪਰਮਿੰਦਰ ਗੁਰੀ, ਬੀਨਾ ਸਾਗਰ, ਲਖਵਿੰਦਰ ਕੌਰ ਲੱਕੀ ਅਤੇ ਹੋਰ ਗਾਇਕਾਂ ਨੇ ਵੀ ਪਾਤਰ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਅੰਤ ਵਿੱਚ ਸਭ ਨੇ ਰਾਤਰੀ ਭੋਜਨ ਦਾ ਆਨੰਦ ਮਾਣਿਆਂ।
ਕਾਨਫ਼ਰੰਸ ਦਾ ਦੂਜਾ ਦਿਨ ਸਾਹਿਤਕ ਵਿਚਾਰ ਚਰਚਾਵਾਂ ਵਿਚਕਾਰ ਬਹੁ ਗਹਿਮਾ ਗਹਿਮੀ ਵਾਲਾ ਰਿਹਾ। ਪਹਿਲੇ ਸੈਸ਼ਨ ਦੇ ਅਰੰਭ ਵਿੱਚ ਵਿਪਸਾਅ ਸਾਹਿਤ ਸਕੱਤਰ ਲਾਜ ਨੀਲਮ ਸੈਣੀ ਨੇ ਸਾਲਾਨਾ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਸਾਲ ਭਰ ਦੀਆਂ ਸਾਹਿਤਕ ਸਰਗਰਮੀਆਂ ਦਾ ਸੰਖੇਪ ਵਿੱਚ ਵਰਣਨ ਕੀਤਾ ਗਿਆ। ਰਿਪੋਰਟ ਉਪਰੰਤ ਡਾ. ਰਾਜੇਸ਼ ਸ਼ਰਮਾ ਨੇ ਕੁੰਜੀਵਤ ਭਾਸ਼ਣ ਸਰੋਤਿਆਂ ਨਾਲ਼ ਸਾਂਝਾ ਕਰਦਿਆਂ ਕਿਹਾ ਪੰਜਾਬੀ ਆਲੋਚਨਾ ਅਧਿਕਾਰ ਦੇ ਸੰਕਟ (crisis of authority) ਵਿਚੋਂ ਗੁਜ਼ਰ ਰਹੀ ਹੈ। ਆਲੋਚਨਾ ਕੀ ਹੈ, ਅਸੀਂ ਇਸ ਦੇ ਅਰਥ ਭੁੱਲ ਗਏ ਹਾਂ। ਸੰਸਥਾਵਾਂ ‘ਤੇ ਉਹ ਲੋਕ ਆ ਕੇ ਬੈਠ ਗਏ ਹਨ ਜਿਹਨਾਂ ਲਈ ਵਿਦਵਾਨ ਹੋਣਾ ਪੇਸ਼ਾਵਰ ਹੋ ਗਿਆ ਹੈ। ਡਾ. ਜੌਹਲ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਸੁਰਿੰਦਰ ਸੁੰਨੜ ਮੁੱਖ ਮਹਿਮਾਨ ਸਨ ਅਤੇ ਸੰਚਾਲਨਾ ਪ੍ਰੋ. ਸੁਰਿੰਦਰ ਸੀਰਤ ਨੇ ਕੀਤੀ। ਸੀਰਤ ਨੇ ਅਮਰੀਕੀ ਪੰਜਾਬੀ ਕਵਿਤਾ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਇਸ ਸੈਸ਼ਨ ਲਈ ਭੋਇਂ ਤਿਆਰ ਕੀਤੀ। ਇਸ ਸੈਸ਼ਨ ਵਿੱਚ ਡਾ. ਮੋਹਨ ਤਿਆਗੀ ਨੇ ਅਮਰੀਕੀ ਪੰਜਾਬੀ ਕਵਿਤਾ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਦੇਖਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਅਮਰੀਕੀ ਪੰਜਾਬੀ ਕਵਿਤਾ ਦਾ ਇਹ ਹਾਸਲ ਹੈ ਕਿ ਉਸਨੇ ਆਪਣੀ ਸਮਾਜਿਕ ਪ੍ਰਤੀਬੱਧਤਾ ਅਤੇ ਵਿਦਰੋਹੀ ਸੁਰ ਨੂੰ ਕਾਇਮ ਰੱਖਿਆ ਹੈ। ਪੰਜਾਬੀ ਕਵਿਤਾ ਅਤੇ ਪਰਵਾਸ ਦੀਆਂ ਆਧੁਨਿਕ ਧਾਰਨਾਵਾਂ ਦਾ ਜ਼ਿਕਰ ਕਰਦਿਆਂ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਅਮਰੀਕਾ ਵਿਚਲੇ ਪੰਜਾਬੀ ਪਰਵਾਸ ਨੂੰ ਦੂਸਰੇ ਦੇਸ਼ਾਂ ਦੇ ਪਰਵਾਸ ਅਤੇ ਕੁਝ ਸਾਲ ਪਹਿਲਾਂ ਤੱਕ ਦੇ ਸਮੁੱਚੇ ਪਰਵਾਸ ਨਾਲੋਂ ਭਿੰਨ ਦੱਸਿਆ। ਉਨ੍ਹਾਂ ਕਿਹਾ “ਪਰਵਾਸ ਦੀ ਪਰਿਭਾਸ਼ਾ ਹੁਣ ਉਹ ਨਹੀਂ ਰਹੀ, ਜਿਸ ਵਿੱਚ ਗਰੀਬੀ ਦੇ ਭੰਨੇ ਹੋਏ ਲੋਕ ਆਉਂਦੇ ਸਨ ਅਤੇ ਭੂ-ਹੇਰਵੇ ਵਿੱਚ ਗ੍ਰਸੇ ਰਹਿੰਦੇ ਸਨ। ਹੁਣ ਦਾ ਪਰਵਾਸ ਪੈਸੇ ਕਮਾਉਣ ਦੀ ਮਜ਼ਬੂਰੀ ਵਾਲਾ ਨਹੀਂ ਹੈ, ਹੁਣ ਪੜ੍ਹੇ ਲਿਖੇ ਲੋਕ ਆਪਣੀ ਬੌਧਿਕਤਾ ਦੇ ਵਿਕਾਸ ਲਈ ਅਤੇ ਵੱਡੇ ਕੈਨਵਸ ਦੀ ਤਲਾਸ਼ ਵਿੱਚ ਪਰਵਾਸ ਧਾਰਦੇ ਹਨ।"
ਉਨ੍ਹਾਂ ਕਿਹਾ "ਅੱਜ ਦਾ ਵਿਅਕਤੀ ਪਰਵਾਸੀ ਹੋਣ ਵੇਲੇ ਆਪਣੀ ਮਿੱਟੀ ਦੀ ਮਹਿਕ ਅਤੇ ਆਪਣੀ ਪਛਾਣ ਨਾਲ਼ ਜ਼ਰੂਰ ਲੈ ਕੇ ਆਉਂਦਾ ਹੈ, ਪਰ ਆਪਣੇ ਆਪ ਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਢਾਲਦਾ ਵੀ ਹੈ।। ਸੁਰਿੰਦਰ ਸੁੰਨੜ ਨੇ ਸੁਰਜੀਤ ਪਾਤਰ ਜੀ ਨਾਲ਼ ਆਪਣੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਸੰਤੋਖ ਸਿੰਘ ਮਿਨਹਾਸ, ਸੁਹਿੰਦਰਬੀਰ ਅਤੇ ਸੁਰਿੰਦਰ ਸੁੰਨੜ ਵਲੋਂ ਪਰਚੇ ਅਤੇ ਚਰਚਾ ਦੌਰਾਨ ਕੁਝ ਅਹਿਮ ਸਵਾਲ ਉਠਾਏ ਗਏ। ਡਾ. ਤਿਆਗੀ ਨੇ ਜਵਾਬ ਵਿੱਚ ਕਿਹਾ ਕਿ ਇਸ ਪਰਚੇ ਦੀਆਂ ਕਈ ਸੀਮਾਵਾਂ ਸਨ ਜਿਸ ਕਰਕੇ ਸਾਰੇ ਕਵੀ ਅਤੇ ਸਾਰਾ ਪਰਵਾਸ ਕਾਲ ਇਸ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਦੂਜਾ ਸਾਹਿਤਕ ਸੈਸ਼ਨ ਅਮਰੀਕੀ ਪੰਜਾਬੀ ਗਲਪ ਉਪਰ ਸੀ ਜਿਸਦੀ ਸੰਚਾਲਨਾ ਚਰਨਜੀਤ ਸਿੰਘ ਪੰਨੂ ਨੇ ਕੀਤੀ ਅਤੇ ਪ੍ਰਧਾਨਗੀ ਡਾ ਵਰਿਆਮ ਸਿੰਘ ਸੰਧੂ ਨੇ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਲੇਖਕਾਂ ਰਾਜਵੰਤ ਰਾਜ, ਅਮਰਜੀਤ ਕੌਰ ਪੰਨੂੰ, ਡਾ. ਗੁਰਪ੍ਰੀਤ ਧੁੱਗਾ, ਹਰਪ੍ਰੀਤ ਕੌਰ ਧੂਤ ਅਤੇ ਹਰਜਿੰਦਰ ਸਿੰਘ ਪੰਧੇਰ ਨੇ ਆਪੋ ਆਪਣੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਸੈਸ਼ਨ ਦੀ ਸਮਾਪਤੀ ਡਾ. ਸੰਧੂ ਦੇ ਵਿਸਥਾਰਿਤ ਭਾਸ਼ਣ ਨਾਲ਼ ਹੋਈ। ਉਹਨਾਂ ਕਿਹਾ ਕਿ ਅਮਰੀਕਾ ਵਿਚਲੇ ਪੰਜਾਬੀ ਲੇਖਕਾਂ ਨੂੰ ਆਪਣੇ ਆਲੋਚਕ ਆਪਣੇ ਵਿੱਚੋਂ ਹੀ ਖ਼ੁਦ ਪੈਦਾ ਕਰਨੇ ਚਾਹੀਦੇ ਹਨ। ਜਿਵੇਂ ਇਸ ਸੈਸ਼ਨ ਵਿੱਚ ਗਲਪਕਾਰਾਂ ਨੇ ਆਪਣੀਆਂ ਕਹਾਣੀਆਂ ਬਾਰੇ ਵਿਚਾਰ ਰੱਖੇ ਹਨ ਇਉਂ ਲੇਖਕ ਨੂੰ ਖ਼ੁਦ ਆਪਣੇ ਬਾਰੇ ਬੋਲਣ ਦੀ ਯੋਗਤਾ ਹਾਸਲ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਨਜ਼ਦੀਕੀਆਂ ਦੀਆਂ ਲਿਖਤਾਂ ਨੂੰ ਪੜ੍ਹੋ, ਵਾਚੋ ਅਤੇ ਉਹਨਾਂ ਦੀ ਸੰਜੀਦਾ ਆਲੋਚਨਾ ਖ਼ੁਦ ਕਰਨੀ ਸਿੱਖੋ।
ਲੰਚ ਤੋਂ ਬਾਅਦ ਕਨੈਡਾ ਵਾਸੀ ਸ੍ਰ ਗੁਰਦੀਪ ਸਿੰਘ ਭੁੱਲਰ ਵਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਣਾਈ/ਨਿਰਦੇਸ਼ਤ ਕੀਤੀ ਗਈ ਲਘੂ ਫ਼ਿਲਮ ‘ਘੰਟੀ’ ਦਿਖਾਈ ਗਈ। ਇਹ 15 ਕੁ ਮਿੰਟ ਦੀ ਮੂਕ ਫ਼ਿਲਮ ਨੇ ਦਰਸ਼ਕਾਂ ਨੂੰ ਕੀਲ਼ੀ ਰੱਖਿਆ। ਫ਼ਿਲਮ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਣ ਵਿੱਚ ਕਾਮਯਾਬ ਰਹੀ। ਪ੍ਰੋ. ਹਰਿੰਦਰਜੀਤ ਸਿੰਘ ਸੰਧੂ ਨੇ ਫ਼ਿਲਮ ਅਤੇ ਨਿਰਦੇਸ਼ਕ ਭੁੱਲਰ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਦਰਸ਼ਕਾਂ ਦਾ ਧੰਨਵਾਦ ਕਿਤਾ। ਅਵਤਾਰ ਰੈਕਰਡਜ਼ ਗਰੁੱਪ ਵਲੋਂ ਲੋਪੋਕੇ ਬ੍ਰਦਰਜ਼ ਦਾ ਗਾਇਆ ਗਿਆ ਗੀਤ ‘ਇਤਿਹਾਸ’ ਰਿਲੀਜ਼ ਕੀਤਾ ਗਿਆ। ਇਸ ਗੀਤ ਬਾਰੇ ਜਸਵੰਤ ਸ਼ਾਦ ਨੇ ਜਾਣਕਾਰੀ ਦਿੱਤੀ।
ਵਿਪਸਾਅ ਦੀ ਨਵੀਂ ਬਣੀ ਵੈੱਬਸਾਈਟ ਦਾ ਉਦਘਾਟਨ ਡਾ. ਵਰਿਆਮ ਸਿੰਘ ਸੰਧੂ ਵਲੋਂ ਰਸਮੀਂ ਰਿਬਨ ਕੱਟ ਕੇ ਕੀਤਾ ਗਿਆ। ਇਸ ਵੈੱਬ ਸਾਈਟ ਨੂੰ ਵਿਪਸਾਅ ਮੈਂਬਰ ਐਸ਼ ਕੁਮ ਐਸ਼ ਨੇ ਤਿਆਰ ਕੀਤਾ ਹੈ। ਐਸ਼ ਨੇ ਕਿਹਾ ਕਿ ਇਹ ਸ਼ੁਰੂਆਤ ਹੈ, ਇਸ ਵੈੱਬ ਸਾਈਟ ਤੇ ਆਉਂਦੇ ਸਮੇਂ ਵਿੱਚ ਵਿਪਸਾਅ ਨਾਲ਼ ਸੰਬੰਧਿਤ ਲੇਖਕਾਂ ਦੀ ਰਚਨਾਵਾਂ ਅਤੇ ਹੋਰ ਸਮਗਰੀ ਵਿੱਚ ਵਾਧਾ ਕੀਤਾ ਜਾਂਦਾ ਰਹੇਗਾ।
ਅਗਲੇ ਪੜਾਅ ਵਿੱਚ ਮਹਿਮਾਨ ਲੇਖਕਾਂ ਨੇ ਵਿਪਸਾਅ ਮੈਂਬਰਾਂ ਦੀਆਂ ਨਵੀਆਂ ਆਈਆਂ ਕਿਤਾਬਾਂ ਰਿਲੀਜ਼ ਕੀਤੀਆਂ ਜਿਹਨਾਂ ਵਿੱਚ ਸੁਰਜੀਤ ਸਖੀ ਦੀ ਆਪਣੇ ਸਮਕਾਲੀ ਕਵੀਆਂ/ਉਹਨਾਂ ਦੀ ਸ਼ਾਇਰੀ ਬਾਰੇ ਵਾਰਤਿਕ ‘ਗੱਲ ਤਾਂ ਚਲਦੀ ਰਹੇ...’, ਲਾਜ ਨੀਲਮ ਸੈਣੀ ਦਾ ਆਤਮ-ਕਥੀ ਨਾਵਲ ‘ਅਲਵਿਦਾ!...ਕਦੇ ਵੀ ਨਹੀ’, ਜਗਜੀਤ ਨੌਸ਼ਹਿਰਵੀ ਦਾ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’, ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ ‘ਸੂਰਜ ਹਾਰ ਗਿਆ’, ਚਰਨਜੀਤ ਸਿੰਘ ਪੰਨੂ ਦੀ ‘ਚੀਸ ਚੁਰਾਸੀ’, ਹਰਜਿੰਦਰ ਕੰਗ ਦਾ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’, ਪਵਿੱਤਰ ਮਾਟੀ ਦਾ ਕਹਾਣੀ ਸੰਗ੍ਰਿਹ ‘ਰੌਂਗ ਨੰਬਰ’ ਸ਼ਾਮਲ ਹਨ। ਇਸ ਤੋਂ ਇਲਾਵਾ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਕੱਕੀ ਰੇਤ ਦੇ ਵਰਕੇ’ ਅਤੇ ‘ਕਾਲੇ ਹਰਫ਼ਾਂ ਦੀ ਲੋਅ’, ਕੁਲਵਿੰਦਰ ਦੇ ਗ਼ਜ਼ਲ ਸੰਗ੍ਰਿਹ ‘ਸ਼ਾਮ ਦੀ ਸ਼ਾਖ਼ ਤੇ’ ਦੇ ਨਵੇਂ ਐਡੀਸ਼ਨ, ਅਰਤਿੰਦਰ ਸੰਧੂ ਦੀ ਕਾਵਿ ਸੰਗ੍ਰਹਿ ‘ਬਿਸਾਤ’, ਮੁਕੇਸ਼ ਸ਼ਰਮਾ ਦਾ ‘ਆਪੇ ਨਾਲ਼ ਬਾਤ’, ਸਿੱਧੂ ਦਮਦਮੀ ਦੀ ਕਿਤਾਬ ‘ਅਰਦਾਸ ਕਰਦੀਆਂ ਮਾਵਾਂ’, ਏਕਮ ਰਿਸਾਲਾ, ਕਾਵਿਲੋਕ ਅਤੇ ਸੁਰਤਿ ਰਿਸਾਲਾ ਦੇ ਨਵੇਂ ਅੰਕ ਵੀ ਰਿਲੀਜ਼ ਕੀਤੇ ਗਏ।
ਕਵੀ ਦਰਬਾਰ ਵਾਕਿਆ ਹੀ ਵਿਸ਼ਾਲ ਅਤੇ ਆਨੰਦਿਤ ਕਰਨ ਵਾਲਾ ਸੀ, ਜਿਸਦੀ ਪ੍ਰਧਾਨਗੀ ਸ਼ਾਇਰ ਜਸਵਿੰਦਰ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ ਡਾ. ਸੁਹਿੰਦਰ ਬੀਰ, ਸਤੀਸ਼ ਗੁਲਾਟੀ, ਕੁਲਵਿੰਦਰ ਖਹਿਰਾ, ਸੁਰਿੰਦਰ ਸੀਰਤ, ਕ੍ਰਿਸ਼ਨ ਭਨੋਟ, ਸੁਰਜੀਤ ਸਖੀ, ਹਰਦਮ ਮਾਨ ਅਤੇ ਪ੍ਰਿਤਪਾਲ ਉਦਾਸੀ। ਕਵੀ ਦਰਬਾਰ ਦਾ ਸੰਚਾਲਨ ਲਾਜ ਨੀਲਮ ਸੈਣੀ ਅਤੇ ਜਗਜੀਤ ਨੌਸ਼ਹਿਰਵੀ ਨੇ ਰੌਚਿਕ ਅੰਦਾਜ਼ ਵਿੱਚ ਕੀਤਾ। ਸ਼ਮਾ ਰੋਸ਼ਨ ਕਰਨ ਦੀ ਰਸਮ ਲਖਵਿੰਦਰ ਕੌਰ ਲੱਕੀ ਨੇ ਅਦਾ ਕੀਤੀ ਅਤੇ ਕਵੀ ਦਰਬਾਰ ਦੀ ਸ਼ੁਰੂਆਤ ਅਮਰਜੀਤ ਜੌਹਲ ਦੇ ਤਰੰਨਮ ਵਿੱਚ ਗਾਏ ਗੀਤ ਨਾਲ਼ ਹੋਈ। ਪ੍ਰਧਾਨਗੀ ਮੰਡਲ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਹੇਠ ਲਿਖੇ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ: ਮਾਸਟਰ ਕਰਤਾਰ ਸਿੰਘ ਰੋਡੇ, ਦਲਵੀਰ ਕੌਰ (ਯੂ.ਕੇ.), ਪ੍ਰਿੰ. ਹਜ਼ੂਰਾ ਸਿੰਘ, ਮੋਹਨ ਤਿਆਗੀ, ਗਗਨਦੀਪ ਮਾਹਲ, ਕੁਲਵੰਤ ਸੇਖੋਂ, ਐਸ਼ ਕੁਮ ਐਸ਼ਵਿਕ, ਡਾ. ਬਿਕਰਮ ਸੋਹੀ, ਅੰਜੂ ਮੀਰਾ, ਸੁਖਵਿੰਦਰ ਕੰਬੋਜ, ਸੁਰਜੀਤ ਕੌਰ (ਟੋਰਾਂਟੋ), ਅਮਰ ਸੂਫ਼ੀ, ਅਰਤਿੰਦਰ ਸੰਧੂ, ਰਾਜਵੰਤ ਰਾਜ, ਜਯੋਤੀ ਸਿੰਘ, ਦਿਲ ਨਿੱਜਰ, ਹਰਜਿੰਦਰ ਕੰਗ, ਸੁੱਖੀ ਧਾਲੀਵਾਲ, ਅਵਤਾਰ ਗੋਂਦਾਰਾ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਚਰਨਜੀਤ ਸਿੰਘ ਪੰਨੂ, ਜਸਵੰਤ ਸ਼ਾਦ, ਸੁਖਪਾਲ ਸਿੰਘ ਕੋਟਬਖਤੂ, ਡਾ. ਸੁਖਪਾਲ ਸੰਘੇੜਾ, ਸੰਤੋਖ ਮਿਨਹਾਸ, ਇੰਦਰਜੀਤ ਗਰੇਵਾਲ, ਕਮਲ ਬੰਗਾ, ਸੁਖਜੀਤ ਕੌਰ, ਗੁਰਦੀਪ ਦੰਦੀਵਾਲ, ਨੰਨੂ ਸਹੋਤਾ, ਹਰਜੀਤ ਹਠੂਰ, ਜਸਵੰਤ ਸ਼ੀਅਮਰ। ਪ੍ਰਿਤਪਾਲ ਉਦਾਸੀ ਨੇ ਆਪਣੇ ਪਿਤਾ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਸਦਾ ਗੀਤ ਗਾ ਕੇ ਸੁਣਾਇਆ।
ਕੈਨੇਡਾ ਤੋਂ ਜਰਨੈਲ ਸਿੰਘ ਚਿੱਤਰਕਾਰ ਅਤੇ ਅਮਰੀਕਾ ਤੋਂ ਮੁਕੇਸ਼ ਸ਼ਰਮਾ ਦੀ ਪੇਂਟਿੰਗ ਪ੍ਰਦਰਸ਼ਨੀ ਖਿੱਚ ਦਾ ਕਾਰਨ ਬਣੀ ਰਹੀ। ਮੁਕੇਸ਼ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਦਲਜੀਤ ਵੱਲੋਂ ਕੀਤੀ ਸਟੇਜ ਦੀ ਦਿਲਕਸ਼ ਸਜਾਵਟ ਮਨ ਮੋਹ ਰਹੀ ਸੀ। ਅਕਾਦਮੀ ਦੇ ਮੈਂਬਰਾਂ ਦੀਆਂ ਕਿਤਾਬਾਂ ਦੀ ਬਾਤ ਪਾਉਂਦੇ ਪੋਸਟਰ ਸਭ ਦਾ ਧਿਆਨ ਖਿੱਚ ਰਹੇ ਸਨ। ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਵੱਲੋਂ ਲਗਾਇਆ ਕਿਤਾਬਾਂ ਦਾ ਸਟਾਲ ਪਾਠਕਾਂ ਨੇ ਬਹੁਤ ਸਲਾਹਿਆ। ਇਸ ਕਾਨਫ਼ਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਆਸ਼ਾ ਸ਼ਰਮਾ, ੳਸ਼ੋਕ ਭੋਰਾ, ਜੋਤ ਰਣਜੀਤ ਕੌਰ, ਪ੍ਰੋ. ਬਲਜਿੰਦਰ ਸਿੰਘ ਸਵੈਚ, ਪ੍ਰੋ. ਸੁਖਦੇਵ ਸਿੰਘ, ਡਾ. ਬਲਵਿੰਦਰ ਸਿੰਘ, ਕੰਵਲਦੀਪ ਕੌਰ, ਸੁਰਿੰਦਰ ਸਿੰਘ ਧਨੋਆ, ਸੰਦੀਪ ਕੌਰ, ਧਰਵਿੰਦਰ ਸਿੰਘ, ਬਲਵਿੰਦਰ ਕੌਰ ਮੰਡ, ਮਲਵਿੰਦਰ ਸਿੰਘ ਮੰਡ, ਕੁਲਵੰਤ ਨਿੱਝਰ, ਸਰਬਜੀਤ ਸਿੰਘ ਗਿੱਲ ਅਤੇ ਬਲਵਿੰਦਰ(ਲਾਲੀ) ਧਨੋਆ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਨਰਿੰਦਰ ਬੱਗਾ ਅਤੇ ਵਿਜੇ ਸਿੰਘ ਦੀ ਸਾਜ਼ੀ ਅਤੇ ਅਵਾਜ਼ੀ ਟੀਮ ਨੇ ਸਟੇਜ਼ ਦਾ ਪ੍ਰਬੰਧ ਬੜੀ ਕੁਸ਼ਲਤਾ ਨਾਲ ਨਿਭਾਇਆ। ਪੰਜਾਬੀ ਕਮਿਉਨਿਟੀ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਇਸ ਕਾਨਫ਼ਰੰਸ ਵਿੱਚ ਹਾਜ਼ਰੀ ਲਵਾਈ ਜਿਹਨਾਂ ਵਿੱਚ ਮਹਿੰਗਾ ਸਿੰਘ ਸੰਧੂ, ਬਲਬੀਰ ਸਿੰਘ ਐਮ.ਏ(ਪਰਦੇਸ ਟਾਈਮਜ਼) , ਸਤਨਾਮ ਸਿੰਘ ਖਾਲਸਾ(ਸਾਡੇ ਲੋਕ ਪੇਪਰ), ਸਰਪੰਚ ਅਵਤਾਰ ਸਿੰਘ ਸੰਧੂ, ਜਸਪਾਲ ਸਿੰਘ ਢਿਲੋਂ, ਡਾ. ਅਜੀਤਪਾਲ ਸਿੰਘ ਸੰਧੂ ਸ਼ਾਮਲ ਹਨ।
ਅੰਤ ਵਿੱਚ ਕੁਲਵਿੰਦਰ ਅਤੇ ਜਗਜੀਤ ਨੌਸ਼ਹਿਰਵੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜਸਪ੍ਰੀਤ ਕੌਰ (ਪੰਜਾਬ ਟਾਈਮਜ਼) ਸਮੇਤ ਆਏ ਸਾਰੇ ਮਹਿਮਾਨਾਂ ਨੂੰ ਵਿਪਸਾਅ ਦਾ ਯਾਦਗਾਰੀ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਵਕਤ ਦੀ ਘਾਟ ਕਾਰਨ ਜੋ ਲੇਖਕ ਸਟੇਜ਼ ‘ਤੇ ਆਪਣੀ ਗੱਲ ਨਾ ਕਰ ਸਕੇ ਉਹਨਾਂ ਤੋਂ ਖਿਮਾ ਮੰਗਦੇ ਹੋਏ ਕਾਨਫ਼ਰੰਸ ਦਾ ਅੰਤ ਕੀਤਾ ਗਿਆ।