Visitor:  5557411 Date:  , Nankana Sahib Time :

ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਦੇ ਬਾਹਰ ਕੀਤੀ ਗਈ ਅਰਦਾਸ

ਨਵੀਂ ਦਿੱਲੀ : ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤੀ ਅਰਦਾਸ ਕੀਤੀ ਗਈ। ਸੰਗਤਾਂ ਵੱਲੋਂ ਗੁਰੂ ਜਸ ਗਾਇਨ ਕਰਨ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਰਲਾ ਮਾਰਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੰਦੀ ਸਿੰਘਾਂ ਦੀ ਰਿਹਾਈ 'ਚ ਹੋ ਰਹੀ ਦੇਰੀ ਲਈ ਦਿੱਲੀ ਕਮੇਟੀ ਆਗੂਆਂ ਦੀ ਕਾਰਜਸ਼ੈਲੀ ਉਤੇ ਸਵਾਲ ਚੁੱਕੇ। ਮਨੁੱਖੀ ਅਧਿਕਾਰ ਕਾਰਕੁੰਨ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਲਈ ਮਿਤੀ 21 ਦਸੰਬਰ 2023 ਨੂੰ ਦਿੱਲੀ ਸਰਕਾਰ ਦੀ ਸਜ਼ਾ ਸਮੀਖਿਆ ਬੋਰਡ ਦੀ ਹੋਈ ਮੀਟਿੰਗ ਦੀ ਕਾਰਵਾਈ ਜਨਤਕ ਕੀਤੀ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੇ ਜੇਲ੍ਹ ਮੰਤਰੀ ਕੈਲਾਸ਼ ਗਹਿਲੋਤ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਸਮਰਥਨ ਕਰਨ ਦੇ ਬਾਵਜੂਦ ਬੋਰਡ ਦੇ ਬਾਕੀ ਛੇ ਮੈਂਬਰਾਂ ਦੇ ਵਿਰੋਧ ਕਾਰਨ ਰਿਹਾਈ ਮਤਾ 6:1 ਨਾਲ ਰੱਦ ਹੋ ਗਿਆ। ਇਸ ਤੋਂ ਪਹਿਲਾਂ ਵੀ ਇਹ ਬੋਰਡ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਮਤੇ ਨੂੰ 4-5 ਵਾਰ ਠੁਕਰਾ ਤੇ 1 ਵਾਰ ਲਟਕਾ ਚੁੱਕਿਆ ਹੈ। ਇਹ ਸਿੱਖਾਂ ਨਾਲ ਸਿੱਧਾ ਵਿਤਕਰਾ ਹੈ।

ਸਰਨਾ ਨੇ ਬੰਦੀ ਸਿੰਘਾਂ ਲਈ ਲੜੀ ਲੜਾਈ ਦਾ ਚੇਤਾ ਕਰਵਾਉਂਦੇ ਹੋਏ ਦਾਅਵਾ ਕੀਤਾ ਕਿ ਸਾਡੀ ਦਿੱਲੀ ਕਮੇਟੀ ਬਣਦੇ ਹੀ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਹੋਵੇਗੀ। ਕਿਉਂਕਿ ਮੌਜੂਦਾ ਕਮੇਟੀ ਨੇ ਸਿੱਖ ਹਿਤਾਂ ਨੂੰ ਸਰਕਾਰ ਦੇ ਸਾਹਮਣੇ ਗਹਿਣੇ ਪਾ ਦਿੱਤਾ ਹੈ। ਸਰਨਾ ਨੇ ਦਿੱਲੀ ਵਿਧਾਨਸਭਾ ਚੌਣਾਂ ਦੌਰਾਨ ਵੋਟਾਂ ਮੰਗਣ ਆਉਣ ਵਾਲੇ ਆਗੂਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਵਾਲ ਪੁੱਛਣ ਦੀ ਅਪੀਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਗੱਲ ਹਲ ਨਹੀਂ ਹੋਣ ਉਤੇ ਸਿੱਖ ਨੋਟਾਂ ਦਾ ਬਟਨ ਦਬਾਉਣ ਦੀ ਬਜਾਏ ਕਿਸੇ ਕੁੱਤੇ ਨੂੰ ਵੋਟ ਪਾ ਦੇਣ, ਪਰ ਸਿੱਖਾਂ ਨਾਲ ਵਿਤਕਰਾ ਕਰ ਰਹੇ ਲੋਕਾਂ ਨੂੰ ਮੂੰਹ ਨਾ ਲਾਉਣ। ਜੀਕੇ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਜ਼ਬਾਤੀ ਮਾਮਲਾ ਹੈ। ਇਸ ਲੜਾਈ ਨੂੰ 1984 ਸਿੱਖ ਕਤਲੇਆਮ ਦੇ ਇਨਸਾਫ਼ ਦੀ ਲੜਾਈ ਵਾਂਗ ਲੜਣ ਦੀ ਲੋੜ ਹੈ। ਜਿਵੇਂ ਅਸੀਂ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ ਸੀ। ਠੀਕ ਉਸੇ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਉਣ ਦੀ ਅੱਜ ਜ਼ਰੂਰਤ ਹੈ। ਕਿਉਂਕਿ ਸਰਕਾਰਾਂ ਸ਼ਰੇਆਮ ਬੰਦੀ ਸਿੰਘਾਂ, ਰਾਮ ਰਹੀਮ ਤੇ ਬਿਲਕਿਸ ਬਾਨੋ ਦੇ ਮਾਮਲਿਆਂ 'ਚ ਕਾਨੂੰਨ ਨੂੰ ਵੱਖ-ਵੱਖ ਰੂਪ ਵਿਚ ਪਰਿਭਾਸ਼ਿਤ ਕਰ ਰਹੀਆਂ ਹਨ। ਵੱਡੀ ਗਿਣਤੀ 'ਚ ਆਏ ਇਨਸਾਫ਼ ਪਸੰਦ ਲੋਕਾਂ ਦਾ ਭਾਈ ਗੁਰਦੀਪ ਸਿੰਘ ਮਿੰਟੂ ਨੇ ਕੌਮੀ ਇਨਸਾਫ਼ ਮੋਰਚਾ, ਮੋਹਾਲੀ ਵੱਲੋਂ ਧੰਨਵਾਦ ਕੀਤਾ। ਦਿੱਲੀ ਕਮੇਟੀ ਮੈਂਬਰਾਂ ਸਣੇ, ਸਿੰਘ ਸਭਾਵਾਂ ਦੇ ਅਹੁਦੇਦਾਰਾਂ, ਗਤਕਾ ਅਖਾੜਿਆਂ ਦੇ ਮੈਂਬਰਾਂ ਸਣੇ ਬੀਬੀਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ।