Visitor:  5540699 Date:  , Nankana Sahib Time :

ਜਥੇਦਾਰ ਸਾਹਿਬਾਨਾਂ ਨੂੰ ਆਪਣੀਆਂ ਕਮਜ਼ੋਰੀਆਂ ਉਪਰ ਕਾਬੂ ਪਾਕੇ ਕੌਮ ਪ੍ਰਸਤ ਫੈਸਲੇ ਲੈਣ ਦੀ ਲੋੜ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਿਛਲੇ ਦਿਨੀ ਇੱਕ ਵੀਡੀਓ ਸੁਨੇਹੇ ਰਾਹੀ ਸਿੱਖ ਸੰਗਤ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਉਹਨਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਸਬੰਧੀ ਦੱਸਦਿਆਂ ਭਾਵਕ ਹੋਣ ਤੇ ਕਮਜ਼ੋਰ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ

ਉਹ ਸੱਚਮੁੱਚ ਹੀ ਸਿੱਖ ਕੌਮ ਦੇ ਹੁਣ ਤੱਕ ਦੇ ਸਭ ਤੋ ਨਿਘਾਰ ਦਾ ਸਮਾਂ ਸਮਝਿਆ ਜਾਣਾ ਚਾਹੀਦਾ ਹੈ।ਬਿਨਾ ਸ਼ੱਕ ਸਿੱਖ ਕੌਮ ਦੇ ਜਥੇਦਾਰ ਬਹੁਤ ਲੰਮੇ ਸਮੇਂ ਤੋਂ ਹੀ ਸਿੱਖ ਪੰਥ ਦੀ ਨੁਮਾਇੰਦਗੀ ਨਹੀਂ ਕਰਦੇ ਬਲਕਿ ਇੱਕ ਪਰਿਵਾਰ ਦੇ ਪ੍ਰਭਾਵ ਅਧੀਨ ਸਿੱਖ ਵਿਰੋਧੀ ਤਾਕਤਾਂ ਦੇ ਪੱਖ ਵਿਚ ਭੁਗਤਣ ਦਾ ਕਾਰਜ ਕਰਦੇ ਆ ਰਹੇ ਹਨ।ਇਹ ਵਰਤਾਰਾ 1849 ਤੋਂ ਬਾਅਦ ਲਗਾਤਾਰ ਵਾਪਰਦਾ ਆ ਰਿਹਾ ਹੈ।ਦੇਸ ਅਜ਼ਾਦ ਹੋਣ ਤੋ ਬਾਅਦ ਇਹ ਵਰਤਾਰਾ ਹੋਰ ਵੀ ਵਿਕਰਾਲ ਰੂਪ ਵਿੱਚ ਸਿੱਖ ਪੰਥ ਦੇ ਦਰਪੇਸ਼ ਰਿਹਾ ਹੈ।ਇੱਕਾ ਦੁੱਕਾ ਕਿਸੇ ਜਥੇਦਾਰ ਸਾਹਿਬ ਦੀ ਕਿਸੇ ਇੱਕ ਅੱਧੀ ਪ੍ਰਾਪਤੀ ਤੋਂ ਛੁੱਟ ਜ਼ਿਆਦਾਤਰ ਜਥੇਦਾਰਾਂ ਦੀ ਭੂਮਿਕਾ ਸਿੱਖ ਵਿਰੋਧੀ,ਪੰਥ ਵਿਰੋਧੀ ਅਤੇ ਸਿੱਖੀ ਸਿਧਾਂਤਾਂ ਦੇ ਘਾਣ ਕਰਨ ਵਾਲੀ ਰਹੀ ਹੈ ਅਤੇ ਪੰਥ ਦੇ ਪੱਲੇ ਨਮੋਸ਼ੀਆਂ ਤੋਂ ਬਗੈਰ ਕੁੱਝ ਵੀ ਨਹੀਂ ਪਿਆ।ਇਹ ਸਾਰਾ ਕੁੱਝ ਵਾਪਰਨ ਦਾ ਅਸਲ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਯੋਗ ਲੀਡਰਸ਼ਿੱਪ ਹੋਣ ਦੀ ਬਜਾਏ ਲਾਲਚੀ,ਸੱਤਾ ਲਾਲਸਾ ਦੀ ਭੁੱਖੀ ਲੀਡਰਸ਼ਿਪ ਨੂੰ ਸਮਝਿਆ ਜਾਣਾ ਚਾਹੀਦਾ ਹੈ।ਸਿੱਖਾਂ ਦੀਆਂ ਦੋਵਾਂ ਹੀ ਸਿਰਮੌਰ ਸੰਸਥਾਵਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਕੇਂਦਰੀ ਤਾਕਤਾਂ ਨੇ ਉਹ ਲੋਕ ਕਾਬਜ ਕਰਵਾ ਦਿੱਤੇ ਹੋਏ ਹਨ,ਜਿਨ੍ਹਾਂ ਦਾ ਮੰਤਵ ਆਪਣੇ ਪਰਿਵਾਰਾਂ ਲਈ ਲੋਭ ਲਾਲਸਾ ਅਤੇ ਸੱਤਾ ਪ੍ਰਾਪਤੀ ਖਾਤਰ ਪੰਥਕ ਹਿਤਾਂ ਨੂੰ ਕੁਰਬਾਨ ਕਰਨ ਤੋ ਵੱਧ ਹੋਰ ਕੁੱਝ ਵੀ ਨਹੀਂ ਰਿਹਾ। ਸਿੱਖ ਆਗੂਆਂ ਨੇ ਜਿੱਥੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕਰਵਾਇਆ,ਓਥੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ।ਲਿਹਾਜ਼ਾ ਅੱਜ ਕੋਈ ਵੀ ਸਿੱਖ ਸੰਸਥਾ ਅਜਿਹੀ ਨਜ਼ਰ ਨਹੀਂ ਆਉਂਦੀ,ਜਿਹੜੀ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੇ ਪ੍ਰਭਾਵ ਤੋ ਮੁਕਤ ਦਿਖਾਈ ਦਿੰਦੀ ਹੋਵੇ।ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਜੋ ਦੁਰਦਸ਼ਾ ਪਿਛਲੇ 40,50 ਸਾਲਾਂ ਤੋਂ ਅਕਾਲੀ ਦਲ ਦੇ ਤਤਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ ਹੈ,ਅਜਿਹੀ ਸਾਇਦ ਇਤਿਹਾਸ ਵਿੱਚ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਸਾਇਦ ਹੋ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋ ਲੈ ਕੇ ਗੁਰੂ ਸਾਹਿਬ ਦੇ ਸਰੂਪ ਗਾਇਬ ਕਰਨ ਤੱਕ ਦਾ ਵਰਤਾਰਾ ਦਰਸਾਉਂਦਾ ਹੈ ਕਿ ਸਿੱਖ ਕੌਮ ਦੀ ਅਗਵਾਈ ਸਿੱਖਾਂ ਦੇ ਹੱਥ ਨਹੀ ਬਲਕਿ ਭੇਖੀ ਤੇ ਕਪਟੀ ਸਿਆਸਤ ਦਾਨਾਂ ਦੇ ਹੱਥਾਂ ਵਿੱਚ ਹੈ,ਜਿੰਨਾਂ ਦਾ ਸਿਖ ਸਿਧਾਂਤਾਂ ਤੇ ਨਿਆਰੀ ਹਸਤੀ ਨਾਲ ਕੋਈ ਵਾਸਤਾ ਹੈ।ਸਿੱਖ ਕੌਮ ਦੇ ਜਥੇਦਾਰਾਂ ਦਾ ਇਤਿਹਾਸ ਅਕਾਲੀ ਬਾਬਾ ਫੂਲਾ ਸਿੰਘ ਵਾਲਾ ਰਿਹਾ ਹੈ,ਜਿੰਨਾਂ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਸਿੱਖ ਬਾਦਸ਼ਾਹ ਸਮਝੇ ਜਾਂਦੇ ਸਿੱਖ ਮਹਾਰਾਜਾ ਰਣਜੀਤ ਸਿੰਘ “ਸੇਰ ਏ ਪੰਜਾਬ” ਨੂੰ ਵੀ ਦਰਖਤ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਇਸ ਤੋਂ ਪਹਿਲਾਂ ਮਹਾਰਾਜੇ ਦੇ ਅਹਿਲਕਾਰਾਂ ਨੂੰ ਇਹ ਅਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹੁੰਚਾ ਦਿੱਤੇ ਗਏ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਵੀ ਅਹਿਲਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਝੁਕ ਕੇ ਸਤਿਕਾਰ ਨਹੀ ਦੇਵੇਗਾ ਅਤੈ ਨਾ ਹੀ ਕੋਈ ਵੀ ਸਿੱਖ ਮਹਾਰਾਜੇ ਨਾਲ ਫਤਿਹ ਦੀ ਸਾਂਝ ਪਾਵੇਗਾ।ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ੳਸ ਮਹਾਰਾਜੇ ਨੂੰ ਸੀ,ਜਿਸ ਦੇ ਡਰ ਤੋ ਕਾਬਲ ਕੰਧਾਰ ਥਰ ਥਰ ਕੰਬਦਾ ਸੀ ਅਤੇ ਈਸਟ ਇੰਡੀਆ ਕੰਪਨੀ ਪੰਜਾਬ ਵੱਲ ਮਾੜੀ ਨਜ਼ਰ ਨਾਲ ਤੱਕ ਸਕਣ ਦੀ ਹਿੰਮਤ ਵੀ ਨਹੀ ਸੀ ਰੱਖਦੀ।ਇਹ ਇਤਿਹਾਸ ਸਿੱਖ ਕੌਮ ਉਪਰ ਆਪਾ ਵਾਰਨ ਵਾਲੇ ਜਥੇਦਾਰ ਸਹਿਬਾਨਾਂ ਦਾ ਰਿਹਾ ਹੈ।

ਏਥੇ ਹੀ ਬੱਸ ਨਹੀਂ ਇਸ ਤੋਂ ਵੀ ਪਹਿਲਾਂ ਅਕਾਲ ਤਖਤ ਸਾਹਿਬਾਨ ਅਸਥਾਨ ਦੀ ਸੇਵਾ ਸੰਭਾਲ ਕਰਦਿਆਂ ਜਥੇਦਾਰ ਦਰਬਾਰਾ ਸਿੰਘ,ਨਿਹੰਗ ਨੈਣਾ ਸਿੰਘ, ਜਥੇਦਾਰ ਬਾਬਾ ਸਾਹਿਬ ਸਿੰਘ ਬੇਦੀ ਨੇ ਆਪਣੀ ਕੌਮ ਨੂੰ ਦੁਸ਼ਮਣ ਹਕੂਮਤ ਦੇ ਜਬਰ ਤੋਂ ਬਚਾਉਣ ਲਈ ਪੰਥ ਦੀ ਅਗਵਾਈ ਸੂਝਬੂਝ ਨਾਲ ਕੀਤੀ ਤੇ ਖਾਲਸਾ ਰਾਜ ਦੀ ਉਸਾਰੀ ਵਿਚ ਹਿੱਸਾ ਪਾਇਆ।ਉਸ ਤੋਂ ਉਪਰੰਤ ਜਥੇਦਾਰ ਬਾਬਾ ਗੁਰਬਖਸ਼ ਸਿੰਘ ਅਤੇ ਵੀਹਵੀ ਸਦੀ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗਿਆਂ ਦੀ ਸ਼ਹਾਦਤ ਇਸ ਅਸਥਾਨ ਦੇ ਸੇਵਾਦਾਰਾਂ ਦੇ ਫਰਜ਼ਾਂ ਅਤੇ ਨਿਡਰਤਾ ਨੂੰ ਪਰਗਟ ਕਰਦੀ ਹੈ।ਮੌਜੂਦਾ ਸਮੇ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਜਥੇਦਾਰਾਂ ਦੀ ਨਿਯੁਕਤੀ ਸਿੱਖ ਪਰੰਪਰਾਵਾਂ ਦੇ ਅਨੁਸਾਰੀ ਹੋਣ ਦੀ ਬਜਾਏ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੁਆਰਾ ਕੀਤੀ ਜਾਣੀ ਇਸ ਕਮਜੋਰੀ ਦਾ ਵੱਡਾ ਕਾਰਨ ਬਣੀ ਹੋਈ ਹੈ। ਜਦ ਕਿ ਸ੍ਰੋਮਣੀ ਕਮੇਟੀ ਨੂੰ ਜਥੇਦਾਰ ਦੀ ਯੋਗਤਾ,ਚੋਣ ਵਿਧੀ ਤੇ ਦਾਇਰੇ ਬਾਰੇ ਪੰਥਕ ਸਹਿਮਤੀ ਨਾਲ ਨਿਯਮ ਬਣਾਉਣ ਦੀ ਲੋੜ ਹੈ।ਜਥੇਦਾਰ ਦੇ ਸਤਿਕਾਰਿਤ ਰੁਤਬੇ ਦਾ ਪਾਰਟੀਆਂ,ਧੜੇਬੰਦੀਆਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੋਣਾ ਚਾਹੀਦਾ। ਇਹ ਰੁਤਬਾ ਪੰਥ ਦੀਆਂ ਧੜੇਬੰਦੀਆਂ ਖਤਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ,ਜਿਸਤਰ੍ਹਾਂ ਪੁਰਾਤਨ ਇਤਿਹਾਸ ਵਿੱਚ ਰਿਹਾ ਹੈ।ਜੇਕਰ ਅਜਿਹਾ ਹੁੰਦਾ ਤਾਂ ਜਥੇਦਾਰ ਸਾਹਿਬ ਨੂੰ ਨਾ ਹੀ ਕੋਈ ਸਿੱਖ ਆਗੂ ਧਮਕੀਆਂ ਦੇਣ ਦੀ ਹਿੰਮਤ ਕਰ ਸਕਦਾ ਹੈ ਅਤੇ ਨਾ ਹੀ ਜਥੇਦਾਰ ਸਾਹਿਬ ਨੂੰ ਕੌਮ ਦੇ ਸਾਹਮਣੇ ਬੇਬਸ ਹੋਇਆ ਦੇਖਣ ਦੀ ਲੋੜ ਪੈ ਸਕਦੀ ਹੈ।

ਅੱਜ ਸਿੱਖ ਕੌਮ ਦੀ ਦਿਨ ਪ੍ਰਤੀ-ਦਿਨ ਬਿਖਰਦੀ ਜਾ ਰਹੀ ਕੌਮੀ ਦਿਸ਼ਾ ਅਤੇ ਕੌਮੀ ਸੇਧ ਨੂੰ ਸਾਂਭਣ ਲਈ ਇਹ ਪ੍ਰਮੁੱਖ ਜਰੂਰਤ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਪਾਧੀ ਨੂੰ ਕਿਸੇ ਰਾਜਨੀਤਿਕ ਅਤੇ ਧਾਰਮਿਕ ਸੰਸਥਾ ਤੋਂ ਉੱਪਰ ਚੁੱਕਿਆ ਜਾਵੇ ਤਾਂ ਜੋ ਉਹ ਸਮੁੱਚੀ ਸਿੱਖ ਕੌਮ ਦੀ ਪ੍ਰਤੀਨਿਧਤਾ ਦਾ ਪ੍ਰਤੀਕ ਬਣ ਸਕੇ।

ਜਥੇਦਾਰ ਸਾਹਿਬਾਨਾਂ ਨੂੰ ਭਾਵੁਕ ਨਹੀ ਬਲਕਿ ਆਪਣੀਆਂ ਕਮਜ਼ੋਰੀਆਂ ਉਪਰ ਕਾਬੂ ਪਾਕੇ ਸਖਤ ਹੋਣ ਦੀ ਜਰੂਰਤ ਹੈ। ਉਨ੍ਹਾਂ ਨੂੰ ਪੰਥਕ ਫੈਸਲੇ ਬੜੀ ਸੂਝ ਬੂਝ ,ਨਿਰਪਖਤਾ ਤੇ ਪੰਥਕ ਭਲਾਈ ਅਨੁਸਾਰ ਲਏ ਜਾਣੇ ਚਾਹੀਦੇ ਹਨ। ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ।