ਤਖ਼ਤ ਅਤੇ ਸਿੰਘ ਸਾਹਿਬਾਨ ਨਾਲ ਕਿਸੇ ਵੀ ਸਿਆਸੀ ਵਿਅਕਤੀ ਦਾ ਅਪਮਾਨ ਜਨਕ ਵਤੀਰਾ ਬਰਦਾਸ਼ਤ ਯੋਗ ਨਹੀਂ : ਸਿੱਖ ਫੈਡਰੇਸ਼ਨ ਯੂਕੇ
ਯੂਕੇ: ਸਿੱਖ ਫੈਡਰੇਸ਼ਨ ਯੂਕੇ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਹੈ ਕਿ ਉਹ ਸਾਰੇ ਤਖ਼ਤਾਂ ਦੇ ਜਥੇਦਾਰਾਂ ਦੀ ਪੂਰੀ ਹਮਾਇਤ ਕਰਦੇ ਹਨ ਅਤੇ ਇਸ ਤਰ੍ਹਾਂ ਦਾ ਕੋਈ ਵੀ ਵਤੀਰਾ ਕਿਸੇ ਵੀ ਪੱਖੋਂ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ । ਇਹ ਸਿਆਸੀ ਆਗੂ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਪਿਛਲੇ 70 ਸਾਲਾਂ ਤੋਂ ਸਿੱਖ ਪੰਥ ਦੀ ਲੁੱਟ ਖਸੁੱਟ ਕਰ ਰਹੇ ਹਨ । ਲੰਬੇ ਅਰਸੇ ਤੋਂ ਸਿਆਸੀ ਆਗੂਆਂ ਵੱਲੋਂ ਜਥੇਦਾਰ ਅਤੇ ਸਿੰਘ ਸਾਹਿਬਾਨ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ । ਇਹ ਵਿਰਸਾ ਸਿੰਘ ਵਲਟੋਹਾ ਵਰਗੇ ਸਿਆਸੀ ਆਗੂ ਜਦੋਂ ਮਰਜ਼ੀ ਜਥੇਦਾਰਾਂ ਨੂੰ ਗੈਰ ਪੰਥਕ ਤਰੀਕਿਆਂ ਨਾਲ ਬਹਾਲ ਅਤੇ ਬਰਖ਼ਾਸਤ ਕਰਦੇ ਆ ਰਹੇ । ਸਿੱਖ ਫੈਡਰੇਸ਼ਨ ਵੱਲੋਂ ਇਹਨਾਂ ਸਾਰੇ ਗੈਰ ਪੰਥਕ ਵਰਤਾਰਿਆਂ ਦਾ ਵੀ ਸਮੇਂ ਸਮੇਂ ਸਿਰ ਵਿਰੋਧ ਕੀਤਾ ਜਾਂਦਾ ਰਿਹਾ ਹੈ । ਸਿੱਖਾਂ ਦੇ ਤਖ਼ਤਾਂ ਦੇ ਜਥੇਦਾਰ ਅਤੇ ਸਿੰਘ ਸਾਹਿਬਾਨ ਸਿਆਸੀ ਦਬਾਅ ਤੋਂ ਮੁਕਤ ਹੋਣੇ ਚਾਹੀਦੇ ਹਨ ਤਾਂ ਜੋ ਇਹ ਸਿੱਖ ਸਿਧਾਂਤਾਂ ਦੀ ਅਤੇ ਮੀਰੀ ਪੀਰੀ ਦੀ ਤਰਜਮਾਨੀ ਕਰ ਸਕਣ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਸਿਧਾਂਤਾਂ ਅਨੁਸਾਰ ਸਾਰੇ ਫ਼ੈਸਲੇ ਲੈਣ ।ਜਦੋਂ ਇਨ੍ਹਾਂ ਸਿਆਸੀ ਆਗੂਆਂ ਨੇ ਆਪਣੇ ਆਕਾ ਬਾਦਲ ਪਰਿਵਾਰ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੁਹਿੰਮ ਚਲਾਈ ਹੈ ਉਦੋਂ ਤੋਂ ਸਿੱਖ ਭਾਈਚਾਰੇ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਇਆ । ਅੱਜ ਸੱਤਾਹੀਣ ਹੋਏ ਇਹ ਵਲਟੋਹੇ ਵਰਗੇ ਕੌਮ ਦੇ ਜਥੇਦਾਰਾਂ ਨੂੰ ਵੰਗਾਰ ਰਹੇ ਹਨ ਜਦੋਂ ਕਿ ਇਹਨਾਂ ਦੇ ਆਕਾ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕੀਤਾ ਹੋਇਆ ਹੈ।
ਸਿੱਖ ਫੈਡਰੇਸ਼ਨ ਯੂਕੇ ਜਥੇਦਾਰਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਨਾ ਦੇਣ ਦੀ ਅਪੀਲ ਕਰਦੇ ਹਾਂ। ਸਿੱਖ ਫੈਡਰੇਸ਼ਨ ਯੂਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਾ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ ।ਇਸਦੇ ਨਾਲ ਹੀ ਪੰਜ ਜਥੇਦਾਰ ਸਾਹਿਬਾਨ ਨੂੰ ਵਿਰਸਾ ਸਿੰਘ ਵਲਟੋਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਾਪਸ ਲੈਣ ਅਤੇ ਅਗਲੇ 10 ਸਾਲਾਂ ਲਈ ਪਾਰਟੀ ’ਤੇ ਪਾਬੰਦੀ ਲਾਉਣ ਦੀ ਕਾਰਵਾਈ ਤੋਂ ਇਲਾਵਾ ਐਸੇ ਅਨਸਰਾਂ ਨੂੰ ਸਿੱਖ ਪੰਥ ਵਿਚੋਂ ਖਾਰਜ ਕਰਨ ਦੀ ਕਾਰਵਾਈ ਦੀ ਸਿੱਖ ਫੈਡਰੇਸ਼ਨ ਪੂਰੀ ਤਰ੍ਹਾਂ ਡੱਟ ਕੇ ਹਮਾਇਤ ਕਰਦੀ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਉਥੋਂ ਦੇ ਪਰਿਵਾਰਾਂ ਪ੍ਰਤੀ ਵਿਰਸਾ ਸਿੰਘ ਵਲਟੋਹਾ ਦੀ ਕਾਰਵਾਈ ਪੂਰੀ ਤਰ੍ਹਾਂ ਨਾ ਬਰਦਾਸ਼ਤਯੋਗ ਹੈ। ਸਿੱਖ ਕੌਮ ਦੇ ਜਥੇਦਾਰ ਜਿਨ੍ਹਾਂ ਪਾਸੋਂ ਆਮ ਸਿੱਖ ਸੰਗਤਾਂ ਨੇ ਮੱਦਦ ਲੈਣੀ ਹੁੰਦੀ ਹੈ ਅੱਜ ਆਪਣੇ ਪਰਿਵਾਰ ਦੀ ਰਾਖੀ ਲਈ ਅਪੀਲ ਕਰ ਰਹੇ ਹਨ । ਜਥੇਦਾਰਾਂ ਨੂੰ ਅਜਿਹੀ ਸਥਿਤੀ ਵਿੱਚ ਪਾਉਣ ਵਾਲੇ ਗੁੰਡੇ ਸਿਆਸੀ ਆਗੂਆਂ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ । ਸਿੱਖ ਫੈਡਰੇਸ਼ਨ ਯੂਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਮਸਲਾ ਸੰਗਤਾਂ ਦੇ ਸਾਹਮਣੇ ਉਠਾਇਆ ਹੈ । ਸਿੱਖ ਪੰਥ ਦੀ ਸਾਰੀ ਤਾਕਤ ਸਿੱਖ ਸੰਗਤਾਂ ਪਾਸ ਹੈ ਅਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਡੱਟ ਕੇ ਸਖਤ ਲਫ਼ਜ਼ਾਂ ਨਾਲ ਵਿਰਸਾ ਸਿੰਘ ਵਲਟੋਹਾ ਅਤੇ ਉਸਦੇ ਸਾਥੀ ਸਿਆਸੀ ਆਗੂਆਂ ਦੀ ਕਾਰਵਾਈ ਦੀ ਨਿਖੇਧੀ ਕਰੀਏ ।