Visitor:  5540652 Date:  , Nankana Sahib Time :

ਭਾਈ ਨਿਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਗੰਭੀਰ, ਭਾਰਤ ਸਹਿਯੋਗ ਕਰੇ: ਮੈਥਿਊ ਮਿਲਰ ਅਮਰੀਕੀ ਵਿਦੇਸ਼ ਵਿਭਾਗ

ਅੰਮ੍ਰਿਤਸਰ : ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ । ਅਮਰੀਕਾ ਨੇ ਵੀ ਇਸ ਵਿਵਾਦ ਵਿੱਚ ਦਖਲ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਉਪਰ ਕੈਨੇਡਾ ਦੇ ਦੋਸ਼ ਬਹੁਤ ਗੰਭੀਰ ਹਨ ਜਿਸ ਕਰਕੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਅਮਰੀਕਾ ਦੇ ਇਸ ਬਿਆਨ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦੀਆਂ ਕੂਟਨੀਤਕ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਜਿਸ ਨਾਲ ਲੱਗ ਰਿਹਾ ਹੈ ਕਿ ਕੈਨੇਡਾ ਦਾ ਸਮਰਥਨ ਕਰਕੇ ਅਮਰੀਕਾ ਅਸਿੱਧੇ ਤੌਰ 'ਤੇ ਭਾਰਤ 'ਤੇ ਦਬਾਅ ਪਾ ਰਿਹਾ ਹੈ ਕਿ ਉਹ ਉਸ ਦੀਆਂ ਸ਼ਰਤਾਂ ਮੰਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪ੍ਰੈੱਸ ਬ੍ਰੀਫਿੰਗ 'ਚ ਸਪੱਸ਼ਟ ਕਿਹਾ ਕਿ ਕੈਨੇਡਾ ਦੇ ਦੋਸ਼ ਗੰਭੀਰ ਹਨ ਅਤੇ ਇਨ੍ਹਾਂ ਨੂੰ ਹਲਕੇ 'ਚ ਨਹੀਂ ਲਿਆ ਜਾਣਾ ਚਾਹੀਦਾ। ਉਸ ਨੇ ਭਾਰਤ ਨੂੰ ਜਾਂਚ ਵਿਚ ਸਹਿਯੋਗ ਕਰਨ ਦੀ ਸਲਾਹ ਦਿੱਤੀ, ਪਰ ਭਾਰਤ ਨੇ ਇਸ ਨੂੰ ਠੁਕਰਾ ਦਿੱਤਾ ਅਤੇ ਆਪਣੇ ਤਰੀਕੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ । ਇਹ ਅਮਰੀਕਾ ਵਾਲੇ ਪਾਸੇ ਤੋਂ ਭਾਰਤ 'ਤੇ ਕੂਟਨੀਤਕ ਦਬਾਅ ਦਾ ਪ੍ਰਤੀਕ ਹੈ, ਜਿਸ ਦਾ ਅਸਰ ਭਾਰਤ ਅਤੇ ਕੈਨੇਡਾ ਦੇ ਨਾਲ-ਨਾਲ ਭਾਰਤ-ਅਮਰੀਕਾ ਸਬੰਧਾਂ 'ਤੇ ਵੀ ਪੈ ਸਕਦਾ ਹੈ।

ਜਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ 'ਤੇ ਟਿੱਪਣੀ ਕੀਤੀ ਹੈ। ਪਿਛਲੇ ਸਾਲ ਵੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਦੇ ਭਾਰਤੀ ਏਜੰਟਾਂ 'ਤੇ ਦੋਸ਼ ਲਾਏ ਸਨ ਤਾਂ ਅਮਰੀਕਾ ਨੇ ਇਸ 'ਤੇ ਚਿੰਤਾ ਪ੍ਰਗਟਾਈ ਸੀ। ਉਦੋਂ ਵੀ ਅਮਰੀਕਾ ਦੇ ਬੁਲਾਰੇ ਮਿਲਰ ਨੇ ਕਿਹਾ ਸੀ ਕਿ ਭਾਰਤ ਨੂੰ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ, ਜੋ ਕੂਟਨੀਤਕ ਪੱਧਰ 'ਤੇ ਇਕ ਵੱਡਾ ਕਦਮ ਸੀ।

ਕੂਟਨੀਤਕ ਸੰਕਟ ਹੁਣ ਹੋਰ ਡੂੰਘਾ ਹੋ ਗਿਆ ਹੈ। ਕਿਉਕਿ ਕੈਨੇਡਾ ਨੇ ਹਾਈ ਕਮਿਸ਼ਨਰ ਸਮੇਤ ਛੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਵਿੱਚੋ ਕੱਢ ਦਿੱਤਾ ਹੈ। ਭਾਰਤ ਨੇ ਇਸ ਦਾ ਜਵਾਬੀ ਕਾਰਵਾਈ ਕਰਦਿਆਂ ਕਾਰਜਕਾਰੀ ਹਾਈ ਕਮਿਸ਼ਨਰ ਸਮੇਤ ਛੇ ਉੱਚ ਦਰਜੇ ਦੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦਾ ਹੁਕਮ ਦਿੱਤਾ ਹੈ। ਨਾਲ ਹੀ ਭਾਰਤ ਨੇ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ । ਕੈਨੇਡਾ ਦੇ ਬਿਆਨ ਦਾ ਖੰਡਨ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਉਸ ਨੇ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ ਨਾ ਕਿ ਓਸ ਨੂੰ ਓਥੋਂ ਕਢਿਆ ਗਿਆ ਹੈ । ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਨਾਗਰਿਕਾਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕਿਸੇ ਵੀ ਵਿਦੇਸ਼ੀ ਏਜੰਟ ਦੀ ਸ਼ਮੂਲੀਅਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਵਿਵਾਦ 'ਚ ਅਮਰੀਕਾ ਦਾ ਬਿਆਨ ਦਰਸਾਉਂਦਾ ਹੈ ਕਿ ਉਹ ਭਾਰਤ ਦੇ ਖਿਲਾਫ ਦਬਾਅ ਵਧਾ ਰਿਹਾ ਹੈ ।