ਕੈਨੇਡਾ: ਹਰਦੀਪ ਨਿੱਝਰ ਦੇ ਕਰੀਬੀ ਨੂੰ ਲਿਜਾ ਰਹੀ ਕਾਰ ’ਤੇ ਵਰ੍ਹਾਈਆਂ ਗੋਲੀਆਂ, ਸਾਬਕਾ ਪ੍ਰਧਾਨ ’ਤੇ ਵੀ ਹਮਲਾ
ਟੋਰਾਂਟੋ: ਕੈਨੇਡਾ ਵਿਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਨਿੱਝਰ ਦੇ ਕਰੀਬੀ ਨੂੰ ਲਿਜਾ ਰਹੀ ਕਾਰ ’ਤੇ ਗੋਲੀਆ ਵਰ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਿੰਦੋਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ 11 ਅਗਸਤ ਨੂੰ ਇਹ ਘਟਨਾ ਕੈਲੀਫੋਰਨੀਆਂ ਵਿਚ ਵਾਪਰੀ ਜਦੋਂ ਨਿੱਝਰ ਦੇ ਕਰੀਬੀ ਸਤਿੰਦਰਪਾਲ ਸਿੰਘ ਰਾਜੂ ਨੂੰ ਲਿਜਾ ਰਹੀ ਕਾਰ ’ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ।
ਰਾਜੂ ਪਿਛਲੇ ਸਮੇਂ ਦੌਰਾਨ ਕੈਲਗਿਰੀ ਵਿਚ ਖਾਲਿਸਤਾਨ ਰੈਫਰੰਡਮ ਆਯੋਜਿਤ ਕਰਨ ਵਿਚ ਮੋਹਰੀ ਸੀ ਅਤੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਮੰਨਿਆ ਜਾਂਦਾ ਹੈ।
ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਮਾਮਲੇ ’ਤੇ ਰਿਪੋਰਟ ਤਿਆਰ ਕੀਤੀ ਹੈ।
ਇਸ ਦੌਰਾਨ 10 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਸਾਬਕਾ ਪ੍ਰਧਾਨ ਰਘਬੀਰ ਨਿੱਝਰ ਦੇ ਘਰ ’ਤੇ ਵੀ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਘਰ ਦਾ ਮਾਲਕ ਕੌਣ ਹੈ ਪਰ ਆਰ ਸੀ ਐਮ ਪੀ ਨੇ ਬਿਆਨ ਜਾਰੀ ਕੀਤਾ ਹੈ ਕਿ ਗੋਲੀਆਂ ਸਵੇਰੇ 3.30 ਵਜੇ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਰਘਬੀਰ ਨਿੱਝਰ ਵੀ ਹਰਦੀਪ ਸਿੰਘ ਨਿੱਝਰ ਦੇ ਹੀ ਪਿੰਡ ਦਾ ਰਹਿਣ ਵਾਲਾ ਹੈ।