Visitor:  5578216 Date:  , Nankana Sahib Time :

ਸਾਨਫਰਾਂਸਿਸਕੋ ਵਿਖੇ ਦੋ ਰੋਜ਼ਾ 47ਵੀ ਮੈਰਾਥਨ ਵਿੱਚ ਪੰਜਾਬੀਆਂ ਨੇ ਕੀਤੀ ਸ਼ਿਰਕਤ

ਫਰਿਜਨੋ : ਲੰਘੇ ਐਤਵਾਰ ਸਾਨਫਰਾਂਸਿਸਕੋ ਵਿਖੇ ਦੋ ਰੋਜ਼ਾ 47ਵੀ ਮੈਰਾਥਨ ਸਮਾਪਤ ਹੋਈ । ਜਿਸ ਵਿੱਚ ਦੁਨੀਆਂ ਭਰ ਤੋਂ ਕੋਈ 45000 ਦੇ ਕਰੀਬ ਦੌੜਾਕਾਂ ਨੇ ਹਿੱਸਾ ਲਿਆ। ਇਸ ਦੌੜ ਵਿੱਚ 9 ਪੰਜਾਬੀਆਂ ਨੇ ਵੀ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦੀ ਨੁਮੈਂਦਗੀ ਕੀਤੀ। ਜਿਨ੍ਹਾਂ ਵਿੱਚੋ ਇੱਕ 82 ਸਾਲਾਂ ਨੌਜਵਾਨ ਸਤਿਕਾਰਯੋਗ ਬਾਪੂ ਜੀ ਸਰਦਾਰ ਜੋਗਿੰਦਰ ਸਿੰਘ ਸਾਹੀ ਵੀ ਸਨ, ਜਿਨ੍ਹਾਂ ਨੇ 5ਕੇ ਦੌੜ ਵਿੱਚ ਆਪਣੀ ਉਮਰ ਦੇ ਸਾਰੇ ਹਾਣੀ ਨੌਜਵਾਨਾਂ ਨੂੰ ਪਛਾੜ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਅਤੇ ਸੇਧ ਲੈਣ ਵਾਲੀ ਗੱਲ ਹੈ , ਕਿ ਇਸ ਉਮਰ ਵਿੱਚ ਕਈ ਵਾਰ ਬੰਦਾ ਤੁਰਨ ਨੂੰ ਵੀ ਤਰਸਦਾ ਹੈ ਤੇ ਬਾਪੂ ਜੀ ਮੈਰਾਥਾਨ ਦੌੜ ਰਹੇ ਹਨ। ਇਸ ਦੌੜ ਵਿੱਚ ਫਰਿਜਨੋ ਨਿਵਾਸੀ ਹਰਭਜਨ ਸਿੰਘ ਨੇ 64-69 ਸਾਲ ਉਮਰ ਵਰਗ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਫਰਿਜਨੋ ਨਿਵਾਸੀ ਕਮਲਜੀਤ ਸਿੰਘ ਬੈਨੀਪਾਲ ਨੇ 55-60 ਉਮਰ ਵਰਗ ਵਿੱਚ 5ਕੇ ਰੇਸ 26 ਮਿੰਟ ਵਿੱਚ ਪੂਰੀ ਕੀਤੀ। ਇਸੇ ਤਰਾਂ ਕੁਲਵੰਤ ਸਿੰਘ ਗਿੱਲ, ਰਜਿੰਦਰ ਸਿੰਘ ਟਾਂਡਾ, ਮਨਪ੍ਰੀਤ ਸਿੰਘ ਆਦਿ ਨੇ ਵੀ 5ਕੇ ਰੇਸ ਵਿੱਚ ਭਾਗ ਲਿਆ। ਇਹਨਾਂ ਤੋ ਇਲਾਵਾ ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ, ਦਰਸ਼ਨ ਸਿੰਘ, ਕਮਲਜੀਤ ਘੁਮਾਣ ਆਦਿ ਨੇ 13ਕੇ ਰੇਸ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਇਆ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਬਾਬੇ ਜੋਗਿੰਦਰ ਸਿੰਘ ਸਾਹੀ ਦੀ ਪੋਤਰੀ ਗੁਰਸਿਮਰਨ ਕੌਰ ਅਤੇ ਪੋਤ ਜਵਾਈ ਹਰਜਿੰਦਰ ਸਿੰਘ ਨੂੰ ਪਤਾ ਲੱਗਿਆ ਕੇ ਸਾਡੇ ਬਾਬੇ ਨੇ ਦੌੜ ਲਗਾਉਣ ਲਈ ਸਾਨਫਰਾਂਸਿਸਕੋ ਜਾਣਾ ਹੈ ਤਾਂ ਉਨ੍ਹਾਂ ਨੇ ਫਰਿਜ਼ਨੋ ਤੋਂ ਸ਼ਪੈਸ਼ਲ ਲਿਮੋਜ਼ੀਨ ਭੇਜ ਦਿੱਤੀ ਜਿਸ ਵਿੱਚ ਸਵਾਰ ਹੋਕੇ ਦਸੇ ਦੇ ਦਸ ਐਥਲੀਟ ਸਾਨਫਰਾਂਸਿਸਕੋ ਵਿਖੇ ਮੈਰਾਥਾਨ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਹਨਾਂ ਸਾਰੇ ਐਥਲੀਟਾ ਨੂੰ ਸੀ. ਸੀ.ਐਸ ਲਿਮੋਜ਼ੀਨ ਸਰਵਿਸ ਨੇ ਸਪੌਸਰ ਕੀਤਾ।