Visitor:  5578176 Date:  , Nankana Sahib Time :

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਵਿਖੇ ਗੁਰਮਤਿ ਸਮਾਗਮ

ਲਾਹੌਰ, ੯ ਜੁਲਾਈ : ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮ ਦਾਸ ਜੀ (ਲਾਹੌਰ) ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਦੀ ਸੇਵਾ ਭਾਈ ਰਣਜੀਤ ਸਿੰਘ ਗ੍ਰੰਥੀ ਗੁਰਦੁਆਰਾ ਡੇਰਾ ਸਾਹਿਬ ਨੇ ਕੀਤੀ ਅਤੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।

ਇਸ ਮੌਕੇ ਗੁਰੂਜੋਗਾ ਸਿੰਘ ਨੇ ਸੰਗਤ ਨਾਲ ਸ਼ਹੀਦ ਭਾਈ ਮਨੀ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਆਪ ਜੀ ਦਾ ਜਨਮ ਭਾਈ ਮਾਈ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਮਧਰੀ ਬਾਈ ਜੀ ਦੀ ਕੁਖੋਂ ੧੦ ਮਾਰਚ, ਸੰਨ ੧੬੪੪ ਈਸਵੀ. ਨੂੰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਪਾਕਿਸਤਾਨ ਵਿਖੇ ਹੋਇਆ ਅਤੇ ਆਪ ਜੀ ਨੇ ੨੫ ਹਾੜ੍ਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੯ ਜੁਲਾਈ ਨੂੰ ਸੰਨ ੧੭੩੪ ਈ. ਨੂੰ ਨਖਾਸ ਚੌਂਕ, ਲਾਹੌਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ।

ਭਾਈ ਗੁਰਦਾਸ ਜੀ ਤੋਂ ਬਾਅਦ ਭਾਈ ਮਨੀ ਸਿੰਘ ਜੀ ਗੁਰਬਾਣੀ ਦੇ ਦੂਜੇ ਲਿਖਾਰੀ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ।ਇਸ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ।ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਬੀੜ ਨੂੰ ਹੀ ‘ਗੁਰੂ’ ਪਦਵੀ ਦਿੱਤੀ ਗਈ ਸੀ।ਆਪ ਜੀ ਗੁਰਬਾਣੀ ਦੇ ਪ੍ਰਮਾਣਿਕ ਵਿਆਖਿਆਕਾਰ ਅਤੇ ਸੁਲਝੇ ਹੋਏ ਸਾਖੀ ਉਚਾਰਕ ਹੋਣ ਦੇ ਨਾਲ-ਨਾਲ ਗੁਰੂ ਘਰ ਦੇ ਪ੍ਰਬੰਧਕ, ਯੋਧਾ ਅਤੇ ਗੁਰਬਾਣੀ ਦੇ ਪ੍ਰਚਾਰਕ ਵੀ ਸਨ।

ਗੁਰੂ ਗੋਬਿੰਦ ਸਿੰਘ ਜੀ ਨੇ, ਭਾਈ ਮਨੀ ਸਿੰਘ ਜੀ ਵੱਲੋਂ, ਨਦੌਣ ਦੀ ਜੰਗ ਵਿੱਚ ਦਿਖਾਈ ਸੂਰਮਗਤੀ ਅਤੇ ਗੁਰੂ ਸਿਦਕ ਨੂੰ ਦੇਖ ਕੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ਸ਼ ਕੀਤੀ।ਜਦੋਂ ਗੁਰੂ ਜੀ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਨਾ ਕੀਤੀ ਤਾਂ ਭਾਈ ਮਨੀ ਸਿੰਘ ਜੀ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸਨ।ਇੱਥੇ ਹੀ ਆਪ ਜੀ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਖ਼ਾਲਸਾ ਸਾਜਨਾ ਉਪਰੰਤ ਸ੍ਰੀ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ।ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਗੁਰੂ ਮਰਿਯਾਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੀਸਰੇ ਗ੍ਰੰਥੀ ਸਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਜੀ ਦਾ ਉੱਘਾ ਯੋਗਦਾਨ ਸੀ।ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਭਾਈ ਮਨੀ ਸਿੰਘ ਜੀ ਦੇ ੧੨ ਭਰਾਵਾਂ ਵਿੱਚੋਂ ਅਮਰ ਚੰਦ ਨੂੰ ਛੱਡ ਕੇ (ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ) ੧੧ ਭਰਾਵਾਂ ਨੇ ਜ਼ੁਲਮ ਦਾ ਨਾਸ਼ ਕਰਨ ਹਿੱਤ ਸ਼ਹਾਦਤਾਂ ਪ੍ਰਾਪਤ ਕੀਤੀਆਂ।ਇੱਥੇ ਹੀ ਬੱਸ ਨਹੀਂ, ਆਪ ਜੀ ਦੇ ਦਾਦਾ ਜੀ, ਭਾਈ ਬਲੂ ਰਾਇ ਜੀ, ੧੦ ਪੁੱਤਰਾਂ ਵਿੱਚੋਂ ੭ ਪੁੱਤਰਾਂ ਅਤੇ ਕਈ ਪੋਤਿਆਂ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਇਸ ਗੁਰੂ ਵਾਕ ਨੂੰ ਸੱਚ ਕਰ ਵਿਖਾਇਆ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥

(ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ੧੪੧੨)

ਭਾਈ ਸਾਹਿਬ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦੇ ਕਿਹਾ ਕਿ ਲਾ-ਮਿਸਾਲ ਸ਼ਹਾਦਤਾਂ ਨਾਲ ਭਰਪੂਰ ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ।

ਬੰਦ-ਬੰਦ ਕਟਵਾ ਕੇ ਸ਼ਹੀਦ ਹੋਣ ਵਾਲੇ ਮਨੀ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਵਿੱਚ ਰਹਿੰਦੇ ਹੋਏ ਵੀ ਚੜ੍ਹਦੀਕਲਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਚਾਹੀਦਾ।ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਅਣਗਿਣਤ ਸਿੱਖਾਂ ਦੀਆਂ ਕੁਰਬਾਨੀਆਂ ਸਦਾ ਹੀ ਸਾਡੇ ਲਈ ਪ੍ਰੇਰਨਾ-ਸ੍ਰੋਤ ਰਹਿਣਗੀਆਂ ਅਤੇ ਸਿੱਖ ਸਦਾ ਹੀ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਅਤੇ ਜ਼ੁਲਮ ਦਾ ਨਾਸ਼ ਕਰਨ ਲਈ ਸ਼ਹਾਦਤਾਂ ਦਾ ਜਾਮ ਪੀਣ ਲਈ ਤਿਆਰ ਰਹਿਣਗੇ।

ਉਨ੍ਹਾਂ ਕਿਹਾ ਕਿ ਭਾਈ ਸਾਹਿਬ ਸਿੱਖ ਕੌਮ ਦੀ ਉਹ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਪਰਿਵਾਰ ਵਿੱਚੋਂ ਕਈ ਸ਼ਹਾਦਤਾਂ ਹੋਈਆਂ। ਭਾਈ ਮਨੀ ਸਿੰਘ ਜੀ ਨੇ ਧਰਮ ’ਤੇ ਅਡੋਲ ਰਹਿੰਦਿਆਂ ਬੰਦ-ਬੰਦ ਕਟਵਾ ਕੇ ਸਿੱਖੀ ਸਿਦਕ ਦੀ ਮਿਸਾਲ ਕਾਇਮ ਕੀਤੀ। ਇਸ ਸਾਰੇ ਪ੍ਰੋਗਰਾਮ ਦਾ ਸਿਹਰਾ ਮੁਸਲਮਾਨ ਵੀਰ ਵਕੀਲ ਰਾਣਾ ਸ਼ਹਿਬਾਜ (ਖੋਜ ਵਾਲਿਆਂ) ਨੂੰ ਜਾਂਦਾ ਹੈ ਕਿਉਂਕਿ ਇਹ ਸਾਰਾ ਉਦਮ ਉਪਰਾਲਾ ਉਨ੍ਹਾਂ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਇਸ ਮੌਕੇ ਨਨਕਾਣਾ ਸਾਹਿਬ ਤੋਂ ਬਾਬਾ ਰਵੇਲ ਸਿੰਘ (ਗੁਰਦੁਆਰਾ ਮਾਲ ਜੀ ਸਾਹਿਬ ਵਾਲੇ), ਗਿਆਨੀ ਮਨਜੀਤ ਸਿੰਘ ਗ੍ਰੰਥੀ (ਗੁਰਦੁਆਰਾ ਡੇਰਾ ਸਾਹਿਬ ਲਾਹੌਰ), ਸ. ਜਸਬੀਰ ਸਿੰਘ, ਸ. ਹਰਿਮੰਦਰ ਸਿੰਘ, ਸ. ਮਨਮੀਤ ਸਿੰਘ, ਸ. ਸੁਰਿੰਦਰ ਸਿੰਘ, ਸ. ਗੁਰੂਮਸਤੱਕ ਸਿੰਘ, ਸ. ਲਛਮਣ ਸਿੰਘ (ਲਾਂਗਰੀ) ਗੁਰਦੁਆਰਾ ਡੇਰਾ ਸਾਹਿਬ ਅਤੇ ਨਨਕਾਣਾ ਸਾਹਿਬ, ਲਾਹੌਰ ਤੇ ਸਿੰਧ ਤੋਂ ਵੀ ਸੰਗਤਾਂ ਹਾਜ਼ਰ ਸਨ।

ਸੰਗਤਾਂ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਹੀਦੀ ਦਿਹਾੜੇ ਦੇ ਸਮਾਗਮ ਨੂੰ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।