Visitor:  5362138 Date:  , Nankana Sahib Time :

ਪ੍ਰੋ:ਗੁਰਮੁਖ ਸਿੰਘ ਜੀ (24 ਸਤੰਬਰ 1898 ਈਸਵੀ )

ਪੰਥ ਰਤਨ , ਸਿੰਘ ਸਭਾ ਲਾਹੌਰ ਦੇ ਕਰਤਾ ਧਰਤਾ , ਗਿਆਨੀ ਦਿੱਤ ਸਿੰਘ ਤੇ ਭਾਈ ਜਵਾਹਰ ਸਿੰਘ ਨੂੰ ਸਿੱਖੀ ਵੱਲ ਪ੍ਰਰੇਨ ਵਾਲੇ , ਖਾਲਸਾ ਅਖਬਾਰ, ਖਾਲਸਾ ਪ੍ਰੈਸ, ਖ਼ਾਲਸਾ ਕਾਲਜ ਦੇ ਮੋਢੀ , ਪੰਥ ਵਸੇ ਮੈਂ ਉਜੜਾਂ ਦੇ ਧਾਰਨੀ , ਪੰਥ ਸੇਵਕ ਸ੍ਰੀਮਾਨ ਭਾਈ ਸਾਹਿਬ ਪ੍ਰੋਫੈਸਰ ਗੁਰਮੁਖ ਸਿੰਘ ਜੀ , 24 ਸਤੰਬਰ 1898 ਈਸਵੀ ਨੂੰ ਕੰਡਾਘਾਟ (ਸ਼ਿਮਲਾ) ਵਿਖੇ ਦਿਲ ਦੀ ਧੜਕਣ ਰੁਕਣ ਨਾਲ ਹਮੇਸ਼ਾ ਲਈ ਅਲਵਿਦਾ ਆਖ ਗਏ। ਉਹਨਾਂ ਦਾ ਸਸਕਾਰ ਕਾਲਕਾ ਵਿਖੇ ਹੋਇਆ ਤੇ ਅਸਥ ਪਤਾਲਪੁਰੀ ਵਿਖੇ ਪਾਏ ਗਏ। ਪ੍ਰੋਫੈਸਰ ਸਾਹਿਬ ਦੀ ਸ਼ਖ਼ਸੀਅਤ ਬਾਰੇ ਭਗਤ ਲਛਮਣ ਸਿੰਘ ਹੁਣਾਂ ਦੀ ਭਾਵਪੂਰਤ ਟਿੱਪਣੀ ਹੈ "ਪ੍ਰੋ ਗੁਰਮੁਖ ਸਿੰਘ ਨੂੰ ਸਿੱਖੀ ਸੇਵਾ ਦੀ ਉਹ ਲਗਨ ਸੀ ਕਿ ਸ਼ਾਇਦ ਹੀ ਕਿਸੇ ਨੂੰ ਹੋਵੇਗੀ। ਨਿਸ਼ਕਾਮ, ਨਿਰਚਾਹ ਸੇਵਾ ਕਰਕੇ ਆਪ ਨੇ ਕੌਮ ਨੂੰ ਉੱਚਾ ਕਰਨ ਦਾ ਉਪਰਾਲਾ ਕੀਤਾ, ਪਰ ਆਪ ਕਦੀ ਵੀ ਉੱਚੇ ਹੋਣ ਦਾ ਸੁਪਨਾ ਵੀ ਨਹੀਂ ਲਿਆ।"

ਪ੍ਰੋਫੈਸਰ ਗੁਰਮੁਖ ਸਿੰਘ ਦਾ ਜਨਮ 15 ਅਪ੍ਰੈਲ 1849 ਨੂੰ ਪਿਤਾ ਬਿਸਾਵਾ ਸਿੰਘ ਦੇ ਘਰ ਪਿੰਡ ਚੰਦੜਾ ਜਿਲ਼ਾ ਗੁਜਰਾਂਵਾਲਾ ਵਿਚ ਹੋਇਆ।

ਕਪੂਰਥਲੇ ਦੇ ਕੰਵਰ ਬਿਕ੍ਰਮ ਸਿੰਘ ਜੀ ਦਾ ਵਸਾਵਾ ਸਿੰਘ ਦੇ ਪੁੱਤਰ ਗੁਰਮੁਖ ਸਿੰਘ ਨਾਲ ਬਾਲਪਨ ਤੋਂ ਹੀ ਕਾਫੀ ਸਨੇਹ ਸੀ।ਜਿਸ ਸਦਕਾ ਗੁਰਮੁਖ ਸਿੰਘ ਦੀ ਪਰਵਰਸ਼ ਕੰਵਰ ਬਿਕ੍ਰਮ ਸਿੰਘ ਦੀ ਨਿਗਰਾਨੀ ਹੇਠ ਹੋਈ ।ਇਸ ਦਾ ਇਕ ਕਾਰਣ ਇਹ ਵੀ ਸੀ ਕਿ ਸ੍ਰ.ਵਸਾਵਾ ਸਿੰਘ ਕੰਵਰ ਬਿਕ੍ਰਮ ਸਿੰਘ ਜੀ ਦੇ ਸੇਵਾਦਾਰ ਵਜੋ ਨਿਯੁਕਤ ਹੋਏ ਸਨ। ਕੰਵਰ ਬਿਕ੍ਰਮ ਸਿੰਘ ਜੀ ਨੇ ਹੀ ਗੁਰਮੁਖ ਸਿੰਘ ਨੂੰ ਬਚਪਨ ਵਿੱਚ ਪਹਿਲਾਂ ਸੰਪਰਦਾਇਕ ਵਿਦਵਾਨਾ ਪਾਸੋਂ ਧਾਰਮਿਕ ਅਤੇ ਦਾਰਸ਼ਿਨਕ ਵਿਦਿਆ ਦਿਵਾਈ ਫਿਰ ਸੰਸਾਰਿਕ ਪੜਾਈ ਲਿਖਾਈ ਲਈ ਸਕੂਲ ਵਿਚ ਦਾਖਲ ਕਰਵਾਇਆ। ਮੈਟਰਿਕ ਪਾਸ ਕਰਨ ਤੋਂ ਬਆਦ ਆਪ ਜੀ ਨੂੰ ਕੰਵਰ ਬਿਕ੍ਰਮ ਸਿੰਘ ਜੀ ਨੇ ਉਚੇਰੀ ਪੜਾਈ ਲਈ ਗੋਰਮਿੰਟ ਕਾਲਜ ਲਾਹੋਰ ਵਿਖੇ ਦਾਖਲ ਕਰਵਾਇਆ।ਗੋਰਮਿੰਟ ਕਾਲਜ ਲਾਹੋਰ ਤੋਂ ਆਪ ਜੀ ਨੇ ਬੀ.ਏ ਦੀ ਡਿਗਰੀ ਹਾਸਲ ਕੀਤੀ।ਓਰੀਐਂਟਲ ਕਾਲਜ ਲਾਹੋਰ ਵਿਖੇ ਹੀ (1877)ਈਸਵੀ ਨੂੰ ਗੁਰਮੁਖ ਸਿੰਘ ਦੀ ਨਿਯੁਕਤੀ ਹਿੰਦੀ ਵਿਭਾਗ ਵਿਚ ਸੈਕਿੰਡ ਟੀਚਰ ਵਜੋਂ ਹੋਈ।ਇਸੇ ਕਾਲਜ ਵਿਖੇ ਹਿੰਦੀ ਵਿਭਾਗ ਵਿਚ ਹੀ ਆਪ ਜੀ ਦੀ ਪਦ-ਉਨੱਤੀ ਕਰਦਿਆ 1881 ਈਸਵੀ ਵਿਚ ਅਸਿਸਟੈਂਟ ਪ੍ਰੋਫੈਸਰ ਅਤੇ 1887 ਵਿਚ ਐਲਿਕਜ਼ੈਨਡਰਾ ਰੀਡਰ ਵਜੋਂ ਨਿਯੁਕਤ ਹੋਏ।ਅਸਿਸਟੈਂਟ ਪ੍ਰੋਫੈਸਰ ਬਣਨ ਤੋਂ ਬਆਦ ਹੀ ਆਪ ਜੀ ਦੇ ਨਾਮ ਨਾਲ ਪ੍ਰੋਫੈਸਰ ਸ਼ਬਦ ਜੁੜ ਗਿਆ।

ਪ੍ਰੋ:ਗੁਰਮੁਖ ਸਿੰਘ ਜੀ ਦੇ ਸਮੇਂ ਗੁਰਦੁਆਰਿਆ ਦੀ ਹਾਲਤ:

ਗੋਰਮਿੰਟ ਕਾਲਜ ਲਾਹੋਰ ਦੇ ਪ੍ਰੋਫੈਸਰ ਮਿਸਟਰ ਜੇ.ਸੀ. ਉਮਨ ਨੇ ਦਰਬਾਰ ਸਾਹਿਬ ਦੀ ਯਾਤਰਾ ਕਰਨ ਪਿਛੋ ਜੋ ਅਖੀਂ ਦੇਖੇ ਹਾਲਾਤ ਕਲਮ ਬੰਦ ਕੀਤੇ ਹਨ,ਉਹ ਇਸ ਪ੍ਰਕਾਰ ਹਨ:

(ੳ) ਦਰਬਾਰ ਸਾਹਿਬ ਵਿਚ ਬ੍ਰਾਹਮਣ, ਹਿੰਦੂ ਸ਼ਾਸਤਰਾਂ ਵਿਚੋਂ ਕਥਾ ਕਰ ਕੇ ਸੁਣਾ ਰਹੇ ਸਨ।

(ਅ) ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਆਲੇ ਦੁਆਲੇ ਭੈੜੇ ਆਚਰਨ ਵਾਲੇ ਮਰਦ ਇਸਤਰੀਆਂ ਰਹਿੰਦੇ ਸਨ,ਜਿਹੜੇ ਧਰਮ ਦੀ ਓਟ ਲੈਕੇ ਦੁਰਾਚਾਰੀ ਦੇ ਸੌਦੇ ਕਰਦੇ ਸਨ ਤੇ ਗੁਰਦੁਆਰੇ ਦੇ ਪੁਜਾਰੀਆਂ ਵਲੋਂ ਉਨ੍ਹਾਂ ਨੂੰ ਹਰ ਪ੍ਰਕਾਰਦਾ ਸਮਰਥਨ ਪ੍ਰਾਪਤ ਸੀ।

(ੲ) ਪ੍ਰਕਰਮਾਂ ਦੀ ਉਤਰੀ ਬਾਹੀ ਵੱਲ ਦੀ ਲੰਘਦਿਆਂ ਅਸੀਂ ਵੇਖਿਆ ਕਿ ਇਕ ਬ੍ਰਾਹਮਣ ਗਣੇਸ਼ ਤੇ ਕ੍ਰਿਸ਼ਨ ਦੀਆਂ ਛੋਟੀਆਂ ਮੂਰਤੀਆਂ ਦੀ ਪੂਜਾ ਕਰ ਰਿਹਾ ਸੀ ਤੇ ਇਕ ਹੋਰ ਬ੍ਰਾਹਮਣ ਸੂਰਜ ਵੱਲ ਮੂੰਹ ਕਰਕੇ ਪੂਜਾ ਵਿਚ ਰੁੱਝਾ ਸੀ।

(ਸ) ਪ੍ਰਕਰਮਾਂ ਦੀ ਉਤਰ ਪੂਰਬੀ ਨੁਕਰ ਤੇ,ਸਰੋਵਰ ਦੇ ਕੰਢੇ, ਸ਼ਿਵ ਦਾ ਇਕ ਮੰਦਰ ਸੀ,ਜਿੱਥੇ ਸ਼ਿਵ-ਲਿੰਗ ਦੀ ਪੂਜਾ ਹੋ ਰਹੀ ਸੀ।ਇਹ ਸ਼ਿਵ ਲਿੰਗ 4 ਇੰਚ ਉਚਾ ਤੇ ਸੰਗਮਰਮਰ ਦੇ ਥੜ੍ਹੇ ਤੇ ਟਿਕਾਇਆ ਹੋਇਆ ਸੀ।

(ਹ) ਦੁੱਖ ਭੰਜਨੀ ਬੇਰੀ ਦੇ ਨੇੜੇ ਇਕ ਈਸਾਈ ਪ੍ਰਚਾਰਕ ਬਾਈਬਲ ਵਿਚੋਂ ਉਦਾਹਰਣ ਦੇ ਕੇ ‘ਜੀਵਨ ਦਾ ਉਦੇਸ਼’ ਲੰਘ ਰਹੇ ਯਾਤਰੂਆਂ ਨੂੰ ਸਮਝਾ ਰਿਹਾ ਸੀ।

(ਕ) ਪ੍ਰਕਰਮਾ ਵਿਚ ਜ਼ਰਾ ਅੱਗੇ ਲੰਘੇ ਤਾਂ ਇਕ ਛੋਟੇ ਜਿਹੇ ਮੰਦਰ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ।

(ਖ) ਅੱਗੇ ਗਏ ਤਾਂ ਇਕ ਬ੍ਰਾਹਮਣ ‘ਸਾਲਗਰਾਮ’ਸਾਹਮਣੇ ਪੂਜਾ ਕਰ ਰਿਹਾ ਸੀ ਤੇ ਉਸ ਦੇ ਹੱਥ ਵਿਚ ਬਦਰੀ-ਨਰਾਇਣ ਦੇ ਮੰਦਰ ਦੀ ਫੋਟੋ ਚੁੱਕੀ ਹੋਈ ਸੀ।ਇਕ ਹੋਰ ਬ੍ਰਾਹਮਣ ਸਾਲਗਰਾਮ ਨੂੰ ਤੁਲਸੀ ਨਾਲ ਸ਼ਿੰਗਾਰ ਰਿਹਾ ਸੀ।ਉਸ ਸਮੇ ਸਿਖ ਧਾਰਮਕ ਅਸਥਾਨਾ ਦੀ ਤਰਾਸਦੀ ਅਤੇ ਵਾਸਤਵਿਕਤਾ ਦਾ ਬਿਆਨ ਭਾਈ ਨਾਹਰ ਸਿੰਘ ਨੇ ਆਪਣੇ ਸ਼ਬਦਾ ਵਿਚ ਇਉਂ ਕੀਤਾ ਹੈ:

“ਬੇਦੀਆਂ,ਸੋਢੀਆਂ, ਗੁਰੂਕਿਆਂ ਸਾਹਿਬਜ਼ਾਦਿਆਂ,ਸਥਾਨਕ ਗੁਰੂਆਂ,ਸਾਧੂਆਂ ਦੀ ਜਮਾਤਾਂ ਨੇ ਸਿੱਖ ਪੰਥ ਨੂੰ ਲੁੱਟ ਖਾਧਾ।ਇਹ ਸਭ ਆਪਣੇ ਆਪਣੇ ਇਲਾਕਿਆਂ ਵਿਚ ਗੁਰੂ ਬਣ ਬੈਠੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਗੱਦੀਆਂ ਲਾ ਕੇ ਬੈਠਦੇ,ਸਿੱਖਾਂ ਤੋਂ ਆਪਣੇ ਪੈਰ ,ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਪੂਜਵਾਂਦੇ ਅਤੇ ਪੂਜਾ ਦਾ ਧਨ ਆਪ ਹੀ ਹਜ਼ਮ ਕਰ ਜਾਂਦੇ।ਤਖਤਾਂ,ਧਾਮਾਂ,ਬੁਗਿਆਂ, ਡੇਰਿਆਂ ਨੂੰ ਮਹੰਤ ਜਾਂ ਨਾਜ਼ਮ ਆਪਣੀ ਜੱਦੀ ਜਾਇਦਾਦ ਸਮਝਣ ਲੱਗੇ ।ਕੁਰੀਤੀਆਂ ਪਰਚਲਿਤ ਹੋ ਗਈਆਂ ਅਤੇ ਸਿੱਖ ਵਿਚਾਰੇ ਅੰਧਕੂਪ ਵਿਚ ਰਾਹ ਭਾਲਣ ਲਈ ਟੱਕਰਾਂ ਮਾਰਦੇ ਫਿਰਨ ਲੱਗੇ ।ਗੁਰਦੁਆਰਿਆਂ ਵਿਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਰੱਖਣੀਆਂ,ਪੁਰਾਣਾਂ ਦੀ ਕਥਾ ਕਹਾਣੀਆਂ ਦੀ ਚਰਚਾ ਕਰਨੀ ਤੇ ਸਾਰੇ ਹਿੰਦੂ ਤਿਉਹਾਰ ਮਨਾਉਣੇ, ਗੁਰੂ ਗ੍ਰੰਥ ਸਾਹਿਬ ਨੂੰ ਵੀ ਪਥਰ ਦੀਆਂ ਮੂਰਤੀਆਂ ਵਾਂਗ ਮੱਥਾ ਟੇਕ ਛੱਡਣਾ,ਸਿੱਖ ਗੁਰੂਆਂ ਨੂੰ ਵੀ ਹਿੰਦੁਸਤਾਨ ਦੇ ਤੇਤੀ ਕ੍ਰੋੜ ਦੇਵਤਿਆਂ ਵਿਚ ਸ਼ਾਮਲ ਕਰਨਾ,ਸਿੱਖਾਂ ਦੇ ਵਿਆਹ ,ਮਰਨ ਆਦਿ ਦੇ ਸੰਸਕਾਰ ਵੀ ਹਿੰਦੂ ਰੀਤੀ ਅਨੁਸਾਰ ਕਰਾ ਦਿੰਦੇ।”

ਐਸੇ ਹਾਲਾਤ ਪੈਦਾ ਹੋ ਚੁਕੇ ਸਨ ਕਿ ਸਮੁੱਚੀ ਸਿੱਖ ਕੋਮ ਦੀ ਹੋਂਦ ਖਤਰੇ ਵਿਚ ਪਈ ਦਿਖਾਈ ਦਿੰਦੀ ਸੀ।

ਸਰੂਪ ਸਿਖੀ ਵਾਲਾ ਦਿਖਾਈ ਦੇਂਦਾ ਸੀ ਪਰ ਜਨਮ ਤੋਂ ਲੈਕੇ ਮਰਨ ਤਕ ਦੇ ਸੰਸਕਾਰ ਸਵੇਰ ਸ਼ਾਮ ਦੇ ਪੂਜਾ ਪਾਠ ਬ੍ਰਾਹਮਣੀ ਰੰਗਤ ਵਿਚ ਰੰਗ ਚੁਕੇ ਸਨ।ਇਹ ਕਿਹਾ ਜਾ ਸਕਦਾ ਹੈ ਕਿ ਉਸ ਵਖਤ ਦੇ ਸਿੱਖ ਨੂੰ ਜੇਕਰ “ਬ੍ਰਾਹਮਣੀ ਸਿੱਖ”ਆਖਿਆ ਜਾਏ ਤਾਂ ਅਤਕਥਨੀ ਨਹੀ ਹੋਵੇ ਗਾ।

ਸਿੰਘ ਸਭਾ ਲਹਿਰ ਦਾ ਆਰੰਭ:

ਪ੍ਰੋ:ਗੁਰਮੁਖ ਸਿੰਘ ਚੂਕਿ ਬਚਪਨ ਤੋਂ ਹੀ ਕੰਵਰ ਬਿਕ੍ਰਮ ਸਿੰਘ ਜੀ ਦੀ ਸੰਗਤ ਵਿਚ ਵਿਚਰਦੇ ਆਰਹੇ ਸਨ ਜਿਸ ਸਦਕਾ ਆਪ ਜੀ ਨੂੰ ਸਿਖ ਵਿਦਵਾਨਾ,ਸਿਖ ਚਿੰਤਕਾਂ ਦੀ ਸੰਗਤ ਵਿਚ ਵਿਚਰਨ ਦਾ ਸੁਭਾਗ ਪ੍ਰਾਪਤ ਹੋਂਦਾ ਰਿਹਾ।ਕੰਵਰ ਬਿਕ੍ਰਮ ਸਿੰਘ ਖੁਦ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਦੇ ਮੁਦਈ ਸਨ ਅਤੇ ਆਪ ਚੰਗੇ ਵਿਦਵਾਨ,ਸਿੱਖ ਚਿੰਤਕ ਅਤੇ ਸਾਹਿਤਕਾਰ ਵੀ ਸਨ।

ਅਚਾਨਕ ਹੀ ਮਿਸ਼ਨ ਸਕੂਲ,ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਵਲੋਂ ਈਸਾਈ ਧਰਮ ਗ੍ਰਹਿਣ ਕਰ ਲੈਣ ਦੇ ਐਲਾਨ ਨੇ ਅਜਿਹੇ ਪੰਥ ਹਿਤ ਲੋਕਾਂ ਦੇ ਹਿਰਦੇ ਉਤੇ ਚੋਟ ਲਾਈ ਅਤੇ ਉਹ ਸਿੱਖ ਪੰਥ ਨੂੰ ਇਸ ਢਹਿਦੀਕਲਾ ਵਾਲੇ (ਕਾਲੇ ਦੋਰ )ਵਿਚੋ ਬਾਹਰ ਕਢਣ ਲਈ ਆਪਣੇ ਅਵੇਸਲੇਪੁਣੇ ਨੂੰ ਤਿਆਗਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਸਿਧਾਂਤਾਂ ਮੁਤਾਬਿਕ ਤਿਆਰ ਬਰ ਤਿਆਰ ਖਾਲਸੇ ਦੇ ਰੂਪ ਵਿਚ ਲਿਆਉਣ ਲਈ ਯਤਨਸ਼ੀਲ ਹੋ ਗਏ।ਐਸੇ ਹੀ ਪੰਥ ਹਿਤ ਸਿੱਖ ਚਿੰਤਕਾਂ ਦੀ ਇਕ ਇਕਤ੍ਰਤਾ 28 ਜੁਲਾਈ 1873 ਈਸਵੀ ਨੂੰ ਅੰਮ੍ਰਿਤਸਰ ਵਿਖੇ ਮਜੀਠੀਆ ਦੇ ਬੁੰਗੇ ਵਿਖੇ ਹੋਈ।ਇਸ ਇਕਤ੍ਰਤਾ ਵਿਚ ਬਾਬਾ ਖੇਮ ਸਿੰਘ ਬੇਦੀ,ਸ੍ਰ.ਠਾਕਰ ਸਿੰਘ ਸੰਧਾਵਾਲੀਆ,ਕੰਵਰ ਬਿਕ੍ਰਮ ਸਿੰਘ ਕਪੂਰਥਲਾ,ਭਾਈ ਗਿਆਨ ਸਿੰਘ,ਭਾਈ ਹਰਸਾ ਸਿੰਘ ਆਦਿ ਉਚੇਚੇ ਤੋਰ ਤੇ ਪਹੁਚੇ ਹੋਏ ਸਨ।ਇਸ ਇਕਤ੍ਰਤਾ ਵਿਚ ‘ਸਿੰਘ ਸਭਾ ਅੰਮ੍ਰਿਤਸਰ’ਨਾਉ ਦੀ ਇਕ ਜਥੇਬੰਦੀ ਕਾਇਮ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ੍ਰ.ਠਾਕਰ ਸਿੰਘ ਸੰਧਾਵਾਲੀਆ ਨੂੰ ਸੌਪੀ ਗਈ। ਕੰਵਰ ਬਿਕ੍ਰਮ ਸਿੰਘ ਕਪੂਰਥਲਾ ਦੇ ਸਹਿਯੋਗੀਆਂ ਵਿਚੋ ਹੋਣ ਸਦਕਾ ਪ੍ਰੋਫੈਸਰ ਗੁਰਮੁਖ ਸਿੰਘ ਵੀ ਸਿੰਘ ਸਭਾ ਦੇ ਸੇਵਾਦਾਰਾਂ ਵਿਚ ਸ਼ਾਮਿਲ ਹੋ ਗਏ।ਸਿੰਘ ਸਭਾ ਦੀ ਹਰ ਇਕ ਇਕਤ੍ਰਤਾ ਵਿਚ ਪ੍ਰੋ:ਗੁਰਮੁਖ ਸਿੰਘ ਵੱਧ ਚੱੜ ਕੇ ਹਿਸਾ ਲੈਂਦੇ।ਸਿਖ ਸਮਾਜ ਜਿਹੜਾ ਬ੍ਰਾਹਮਣੀ ਰੰਗ ਵਿਚ ਸਮੁਚੇ ਤੋਰ ਤੇ ਰੰਗਿਆ ਜਾਚੁੱਕਾ ਸੀ ।ਇਸ ਮੋਜੂਦਾ ਸਥਿਤੀ ਵਿਚੋ (ਬ੍ਰਾਹਮਣੀ ਰੰਗਣ)ਸਿਖ ਸਮਾਜ ਨੂੰ ਬਾਹਰ ਕਢ ਕੇ ਗੁਰੂ ਨਾਨਕ ਸਾਹਿਬ ਜੀ ਦੀ ਨਿਆਰੀ ਤੇ ਨਿਰਮਲੀ ਗੁਰਮਤ ਸਿਧਾਂਤਾਂ ਦੀ ਰੰਗਣ ਵਿਚ ਰੰਗਣ ਦਾ ਟੀਚਾ ਪ੍ਰੋ:ਗੁਰਮੁਖ ਸਿੰਘ ਜੀ ਨੇ ਮਿਥ ਲਿਆ।ਇਹੋ ਕਾਰਣ ਹੈ ਕਿ ਆਪ ਜੀ ਦੇ ਉਪਰਾਲਿਆਂ(ਪ੍ਰਚਾਰ)ਸਦਕਾ ਹੀ ਲਾਹੋਰ ਦੀ ਸਿਖ ਸੰਗਤ ਅੰਦਰ ਜਾਗਰਤੀ ਆਉਣੀ ਸ਼ੁਰੂ ਹੋਈ।ਜਿਸ ਦੇ ਫਲਸਰੂਪ ਲਾਹੋਰ ਦੀ ਸਿਖ ਸੰਗਤਾਂ ਅੰਦਰ ਛੋਟੀਆਂ ਵਡੀਆਂ ਇਕਤ੍ਰਤਾਂਵਾਂ ਹੋਣੀਆਂ ਸ਼ੁਰੂ ਹੋ ਗਈਆਂ।ਇਹਨਾ ਇਕਤ੍ਰਤਾਂਵਾਂ ਵਿਚ ਸਿਖੀ ਪ੍ਰਤੀ ਪਿਆਰ ਭਾਵਨਾ ਪੈਦਾ ਹੋਈ ਉਥੇ ਨਾਲ ਹੀ ਸਿਖ ਧਰਮ ਦੀ ਚੜਦੀ ਕਲਾ ਲਈ ਉਦਮ ਉਪਰਾਲੇ ਵੀ ਸ਼ੁਰੂ ਹੋ ਗਏ।

ਪਰ ਦੂਜੇ ਪਾਸੇ ‘ਸਿੰਘ ਸਭਾ ਅੰਮ੍ਰਿਤਸਰ’ਨਾਉਂ ਦੀ ਜਥੇਬੰਦੀ ਜਿਸ ਮਕਸਦ ਲਈ ਕਾਇਮ ਕੀਤੀ ਗਈ ਸੀ ਉਹ ਆਪਣੇ ਮਕਸਦ ਵਿਚ ਸਫਲ ਹੋਂਦੀ ਨਹੀ ਸੀ ਦਿਸ ਰਹੀ।ਜਿਸ ਦੇ ਕੁਝ ਕੁ ਕਾਰਣ ਇਹ ਸਨ:

“ਸਿੰਘ ਸਭਾ ਅੰਮ੍ਰਿਤਸਰ”ਦੇ ਮੁਢਲੇ ਮੈਂਬਰਾਂ ਵਿਚ ਵਿਚਾਰਧਾਰਾ ਦੀ ਏਕਤਾ ਨਹੀ ਸੀ।

ਸ੍ਰ.ਠਾਕੁਰ ਸਿੰਘ ਸੰਧਾਵਾਲੀਆ ਜੋਕਿ ਇਸ ਸਭਾ ਦੇ ਪ੍ਰਧਾਨ ਸਨ।ਵਖਤ ਦੀ ਅੰਗਰੇਜ਼ੀ ਸਰਕਾਰ ਦੇ ਨਾਲ ਮੇਲ ਜੋਲ ਨਹੀ ਸੀ ਰਖਣਾ ਚਾਹੁੰਦੇ ।ਜਦਕਿ ਸਭਾ ਦਾ ਦੂਜਾ ਮੁਖੀ ਬਾਬਾ ਖੇਮ ਸਿੰਘ ਅੰਗਰੇਜ਼ੀ ਸਰਕਾਰ ਦਾ ਖੈਰ ਖਵਾਹ ਸੀ।ਅਤੇ ਪ੍ਰਚਾਰ ਨੂੰ ਉਥੋ ਤਕ ਸੀਮਤ ਰਖਣਾ ਚਾਹੁੰਦਾ ਸੀ ਜਿਥੋ ਤਕ ਇਸ ਦੀ ਆਪਣੀ ਮਹੰਤ ਸ਼ਾਹੀ ਵਾਲੀ ਗਦੀ ਕਾਇਮ ਰਹੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੁਤਬਾ ਪ੍ਰਾਪਤ ਹੋਂਦਾ ਰਹੇ।

ਦੂਜੇ ਪਾਸੇ ਕੰਵਰ ਬਿਕ੍ਰਮ ਸਿੰਘ ਅਤੇ ੳੇਹਨਾ ਦੇ ਸੰਗੀ ਸਾਥੀ ਸਿਖ ਧਰਮ ਦਾ ਪ੍ਰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਲਸ ਵਿਚਾਰਧਾਰਾ ਮੁਤਾਬਿਕ ਪ੍ਰਚਾਰਨਾ ਚਾਹੁਦੇ ਸਨ।ਜਿਸ ਵਿਚ ਕਿਸੇ ਵੀ ਸ਼ਖਸੀ ਪੂਜਾ,ਅਨਮਤੀ ਪ੍ਰਭਾਵ,ਕਰਮ ਕਾਂਡਾ,ਅੰਧਵਿਸ਼ਵਾਸ਼ਾਂ ਅਤੇ ਮੂਰਤੀ ਪੂਜਾ ਜਿਹੇ ਪਾਖੰਡ ਨੂੰ ਨੰਗਾ ਕਰਕੇ ਖਾਲਸ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸੀ ਅਤੇ ਸਿੱਖ ਸਮਾਜ ਵਿਚ ਫੈਲ ਚੁਕੀਆਂ ਇਹਨਾ ਕੁਰੀਤੀਆਂ ਨੂੰ ਦੂਰ ਕਰਨਾ ਸੀ।ਇਥੋ ਹੀ “ਸਿੰਘ ਸਭਾ ਲਾਹੋਰ” ਦਾ ਆਗਾਜ਼ ਹੋ ਜਾਦਾ ਹੈ ਜੱਦ ਕੰਵਰ ਬਿਕ੍ਰਮ ਸਿੰਘ ਅਤੇ ਪ੍ਰੋ.ਗੁਰਮੁਖ ਸਿੰਘ ਜੀ ਨੂੰ “ਸਿੰਘ ਸਭਾ ਅੰਮ੍ਰਿਤਸਰ” ਦੀ ਕਾਰਜ ਕਾਰਣੀ ਤੋਂ ਨਿਰਾਸ਼ ਹੋਏ ਤਾਂ ਉਸ ਸਮੇ “ਸਿੰਘ ਸਭਾ ਲਾਹੋਰ “ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ।

“ਸਿੰਘ ਸਭਾ ਲਾਹੋਰ” ਦੀ ਸਥਾਪਨਾ ਲਈ 1879 ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮ ਦਾਸ ਜੀ ਵਿਖੇ ਸੰਗਤ ਵਿਚ ਵਿਚਾਰ ਹੋਈ।ਵਿਚਾਰ ਉਪੰਰਤ ਇਕ ਕਮੇਟੀ ਬਣਾਈ ਗਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕੱਤਰ ਭਾਈ ਗੁਰਮੁਖ ਸਿੰਘ ਥਾਪੇ ਗਏ।ਅਗਲੇ ਹੀ ਦਿਨ ਇਸ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ “ਸਿੰਘ ਸਭਾ ਲਾਹੋਰ” ਦੀ ਸਥਾਪਨਾ ਦਾ ਐਲਾਨ ਕੀਤਾ ਗਿਆ।

ਪੋ.ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਿੰਘ ਸਭਾ ਲਾਹੋਰ ਨੇ ਸਪਸ਼ਟ ਤੋਰ ਤੇ ਆਪਣੇ ਕਰਨ ਯੋਗ ਉਦੇਸ਼ ਨਿਸ਼ਚਿਤ ਕਰ ਲਏ:

1) ਸਿੱਖ ਧਰਮ ਦਾ ਪ੍ਰਚਾਰ ਖਾਲਸ ਰੂਪ ਵਿਚ ਕਰਨਾ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋ ਵੱਧ ਪ੍ਰਿੰਟਰ ਮੀਡੀਏ ਦੀ ਵਰਤੋਂ ਕਰਨੀ।

2) ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪਕੇ ਪੈਰੀ ਮਜ਼ਬੂਤ ਕਰਨ ਲਈ ਵੱਧ ਤੋ ਵੱਧ ਅਖਬਾਰ ਅਤੇ ਰਸਾਲੇ ਕਢਣੇ।

3) ਇਸੇ ਸੰਦਰਭ ਵਿਚ ਸਿਖ ਸਮਾਜ ਨੂੰ ਪੜਾਈ ਲਿਖਾਈ ਵਿਚ ਨਿਪੁੰਨਤਾ ਹਾਸਲ ਕਰਾਉਣੀ।

4) ਇਸ ਮਕਸਦ ਲਈ ਖਾਲਸਾ ਸਕੂਲਾਂ ਦੀ ਸਥਾਪਨਾ ਕਰਨੀ।

ਪ੍ਰੋ. ਗੁਰਮੁਖ ਸਿੰਘ ਜੀ ਦੀ ਸੂਝ ਬੂਝ ਸਦਕਾ ਹੀ ਗਿਆਨੀ ਦਿਤ ਸਿੰਘ,ਭਾਈ ਜਵਾਹਰ ਸਿੰਘ,ਭਾਈ ਕਾਨ੍ਹ ਸਿੰਘ ਨਾਭਾ,ਮਿਸਟਰ ਮੈਕਾਲਿਫ ਆਦਿ ਪਰਮੁਖ ਹਸਤੀਆਂ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਇਕੋ ਸੂਤਰ ਵਿਚ ਜੋੜ ਦਿਤਾ। ਪ੍ਰੋ.ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਗਿਆਨੀ ਦਿਤ ਸਿੰਘ ਜੀ ਨੇ ਪਹਿਲਾਂ ਓਰੀਐਂਟਲ ਕਾਲਜ ਲਾਹੋਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਫਿਰ ਇਸੇ ਹੀ ਕਾਲਜ ਵਿਚ ਗੁਰਮੁਖੀ ਦੇ ਸੈਕਿੰਡ ਟੀਚਰ ਨਿਯੁਕਤ ਹੋਏ।ਫਿਰ ਜਿਸ ਸਮੇਂ 1886 ਈਸਵੀ ਵਿਚ ਪ੍ਰੋ.ਗੁਰਮੁਖ ਸਿੰਘ ਜੀ ਨੇ “ਖਾਲਸਾ ਅਖਬਾਰ”ਪ੍ਰਕਾਸ਼ਿਤ ਕੀਤਾ ਤਾਂ ਕੁਝ ਸਮੇ ਪਿਛੋ ਹੀ ਇਸ ਦੀ ਜ਼ਿਮੇਵਾਰੀ ਗਿਆਨੀ ਦਿਤ ਸਿੰਘ ਜੀ ਨੂੰ ਸੌਂਪ ਦਿਤੀ।ਗਿਆਨੀ ਦਿਤ ਸਿੰਘ ਜੀ ਖਾਲਸਾ ਅਖਬਾਰ ਦੇ ਸੰਪਾਦਕ ਬਣ ਗਏ।

ਪੰਜਾਬੀ ਮਾਂ ਬੋਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਪ੍ਰੋ.ਗੁਰਮੁਖ ਸਿੰਘ ਜੀ ਨੇ ਦਰਅਸਲ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਭ ਤੋਂ ਪਹਿਲਾ ਅੰਕ 10 ਨੰਵਬਰ 1880 ਨੂੰ ਪ੍ਰਕਾਸ਼ਿਤ ਕੀਤਾ।ਇਸ ਤੋਂ ਬਆਦ ਸਿੰਘ ਸਭਾ ਲਾਹੋਰ ਦੀ ਸਰਪ੍ਰਸਤੀ ਹੇਠ”ਵਿਦਯਾਰਕ”ਮਾਸਕ ਪਤੱਰ ਸੰਨ 1881 ਨੂੰ ਪ੍ਰਕਾਸ਼ਿਤ ਕੀਤਾ।1882 ਨੂੰ “ਪੰਜਾਬੀ ਪ੍ਰਚਾਰਨੀ ਸਭਾ ਲਾਹੋਰ”ਦੀ ਸਥਾਪਨਾ ਕੀਤੀ ਅਤੇ ਇਸ ਦੇ ਮੁਖ ਸਲਾਹਕਾਰ ਹੋਣ ਦੇ ਨਾਤੇ ਸੁਚੱਜੀ ਅਗਵਾਈ ਦਿਤੀ।

ਪ੍ਰੋ.ਗੁਰਮੁਖ ਸਿੰਘ ਅਤੇ ਇਹਨਾ ਦੇ ਹਮ ਖਿਆਲੀ ਸਾਥੀਆਂ ਦੇ ਪ੍ਰਚਾਰ ਪ੍ਰਸਾਰ ਸਦਕਾ ਹੀ ਥਾਂ ਥਾਂ ਤੇ ਸਿੰਘ ਸਭਾਵਾਂ ਕਾਇਮ ਹੋਣੀਆਂ ਸ਼ੁਰੂ ਹੋ ਗਈਆ।ਸਿਖ ਕੌਮ ਵਿਚ ਧਾਰਮਿਕ ਜਾਗਰਤੀ ਆਉਣੀ ਸ਼ੁਰੂ ਹੋਈ। ਪ੍ਰੋ.ਗੁਰਮੁਖ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਸਿਧਾਂਤਾਂ ਤੋਂ ਭਲੀ ਪਰਕਾਰ ਜਾਣੂ ਸਨ ਅਤੇ ਆਪ ਜੀ ਬ੍ਰਾਹਮਣੀ ਮਕੜ ਜਾਲ ‘ਚ ਬੁਰੀ ਤਰਾਂ ਫਸ ਚੁਕੀ ਸਿਖ ਕੌਮ ਨੂੰ ਬਾਹਰ ਕਢ ਕੇ ਇਸ ਨੂੰ ਨਿਰੋਲ ਖਾਲਸਾਈ ਰੰਗਣ ਵਿਚ ਮੁਣ ਰੰਗਣ ਦੀ ਜਦੋ ਜਹਿਦ ਵਿਚ ਆਪਣਾ ਜੀਵਨ ਆਪ ਜੀ ਨੇ ਅਰਪਨ ਕਰ ਦਿਤਾ।

ਆਪ ਜੀ ਦੀ ਅਗਵਾਈ ਹੇਠ “ਸਿੰਘ ਸਭਾ ਲਾਹੋਰ”ਇਕ ਤਤ ਗੁਰਮਤਿ ਵਾਲੀ ਅਤੇ ਗਰਮ ਖਿਆਲੀ ਜਥੇਬੰਦੀ ਬਣ ਗਈ।ਆਪ ਜੀ ਦੀ ਸੋਚ ਗੁਰਮਤਿ ਵਿਚਾਰਧਾਰਾ ਦੇ ਸਪਸ਼ਟ ਨਜ਼ਰੀਏ ਨੂੰ ਪ੍ਰਚਾਰਦੀ ਸੀ।ਇਹੋ ਕਾਰਣ ਹੈਕਿ ਆਪ ਜੀ ਦੀਆਂ ਪ੍ਰਭਾਵ ਸ਼ਾਲੀ ਲਿਖਤਾਂ ਨੇ ਅਤੇ ਭਾਸ਼ਣਾਂ ਨੇ ਜਿਥੇ ਸਿਖ ਕੌਮ ਵਿਚ ਕੌਮੀਅਤ ਦਾ ਜਜ਼ਬਾ ਅਤੇ ਆਪਣੇ ਨਿਆਰੇਪਨ ਦੇ ਅਹਿਸਾਸ ਨੂੰ ਜਗਾਇਆ ਉਥੇ ਨਾਲ ਹੀ ਆਪ ਜੀ ਦੀਆਂ ਲਿਖਤਾਂ ਨੇ ਪੁਜਾਰੀਆਂ, ਸੋਢੀਆਂ,ਬੇਦੀਆਂ,ਭੱਲਿਆਂ,ਬਾਵਿਆਂ ਦੇ ਗੁਰਮਤਿ ਵਿਰੋਦੀ ਕਾਰਜਾਂ ਨੂੰ ਨੰਗਾ ਕਰ ਦਿਤਾ।ਕਿਉਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਸਾਹਿਬਾਨ ਜੀ ਦੀ ਅੰਸ਼ ਵੰਸ਼ ਆਖਵਾਉਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੱਦੀਆਂ ਲਗਾ ਕੇ ਬੈਠਦੇ ਆਪਣੀ ਪੂਜਾ ਕਰਾਉਦੇ…..ਆਦਿ ਭਾਵ ਗੁਰਮਤਿ ਵਿਰੋਦੀ ਹਰ ਇਕ ਕਰਮ ਕਾਂਡ ਕਰਾਉਣ ਵਿਚ ਸਭ ਤੌਂ ਅਗੇ ਸਨ।

“ਸਿੰਘ ਸਭਾ ਅੰਮ੍ਰਿਤਸਰ”ਧੜੇ ਨਾਲ ਸੰਬਧਤ ਵਿਅਕਤੀ ਅਤੇ ਪੁਜਾਰੀ ਲੋਕ ਆਪਣੀ ਨਿਜ ਪ੍ਰਸਤੀ ਅਤੇ ਆਪਣੇ ਲਈ ਵੱਧ ਤੋਂ ਵੱਧ ਅਦਬ ਸਤਿਕਾਰ ਲੋਕਾਂ ਪਾਸੋ ਕਰਾਉਣ ਦੀ ਰੁਚੀ ਰਖਦੇ ਸਨ।ਬ੍ਰਾਹਮਣੀ ਵਿਚਾਰਧਾਰਾ ਨੂੰ ਇਹ ਪੂਰੀ ਤਰਾਂ ਨਿਕਾਰ ਨਹੀ ਸਨ ਸਕਦੇ ਕਿਉਕਿ ਇਹ ਬ੍ਰਾਹਮਣੀ ਸੋਚ ਵਾਲੇ ਲੋਕ ਸਨ।ਅੰਮ੍ਰਿਤਸਰ ਧੜੇ ਦੇ ਆਗੂ ਬਾਬਾ ਖੇਮ ਸਿੰਘ ਬੇਦੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਚੇਚੇ ਗਦੇਲੇ ਵਿਛਾ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਬੈਠ ਕੇ ਆਪਣੀ ਪੂਜਾ ਕਰਾਉਦੇ ਸਨ।ਇਹ ਲੋਕੀ ਨਹੀ ਸਨ ਚਾਹੁੰਦੇ ਕਿ ਤਤ ਗੁਰਮਤਿ ਦਾ ਪ੍ਰਚਾਰ ਕਰਕੇ ਸਿਖ ਕੋਮ ਨੂੰ ਜਾਗਰੂਕ ਕੀਤਾ ਜਾਏ।ਇਹੋ ਕਾਰਣ ਹੈ ਕਿ ਪੁਜਾਰੀਵਾਦ ਨੇ ਅਤੇ ਅੰਮ੍ਰਿਤਸਰੀ ਧੜੇ(ਸਿੰਘ ਸਭਾ ਅੰਮ੍ਰਿਤਸਰ) ਨੇ ਪ੍ਰੋ.ਗੁਰਮੁਖ ਸਿੰਘ ਜੀ ਅਤੇ ਇਹਨਾ ਦੇ ਸੰਗੀ ਸਾਥੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ।ਇਹ ਵਿਰੋਦ ਇਥੋ ਤਕ ਵਧ ਗਿਆ ਕਿ ਆਪ ਜੀ ਦੇ ਖਿਲਾਫ ਵਿਰੋਧਤਾ ਦੀ ਇਕ ਮੁਹਿਮ ਹੀ ਚਲਾ ਦਿਤੀ ਗਈ।

ਆਪ ਜੀ ਦੇ ਉਪਰ ਇਹ ਦੋਸ਼ ਲਗਾਏ ਗਏ:

1) ਪ੍ਰੋ. ਗੁਰਮੁਖਿ ਸਿੰਘ ਨੇ ਗੁਰੂ ਸਾਹਿਬਾਨ ਦੀ ਅੰਸ ਬੰਸ ਬੇਦੀਆਂ, ਭਲੇ, ਸੋਢੀਆਂ ਅਤੇ ਬਾਵਿਆਂ ਪ੍ਰਤੀ ਨਿਰਾਦਰੀ ਵਿਖਾਈ ਹੈ।

2) ਸਿੰਘ ਸਭਾ ਦੇ ਇਕ ਦੀਵਾਨ ਵਿਚ ਉਨ੍ਹਾਂ ਨੇ ਹਿੰਦੂ ਦੇਵੀ ਦੇਵਤਿਆਂ ਦੇ 24 ਅਵਤਾਰਾਂ ਦੀ ਛਪੀ ਤਸਵੀਰ ਬਾਰੇ ਸਖਤ ਨਿਰਾਦਰੀ ਕੀਤੀ ਹੈ।

3) ਲਾਹੋਰ ਦੀ ਸਿੰਘ ਸਭਾ ਨੈ ਇਕ ਮੁਸਲਮਾਨ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ ਹੈ।

4) ਨੀਵੀਆਂ ਜਾਤੀਆਂ ਦੇ ਚੂਹੜਿਆਂ, ਮੋਚੀਆਂ ਅਤੇ ਮੁਸਲਮਾਨਾਂ ਨੂੰ ਇਕੋ ਬਾਟੇ ਨੂੰ ਮੂੰਹ ਲਾ ਕੇ ਅੰਮ੍ਰਿਤ ਛਕਾਇਆ ਗਿਆ ਹੈ।

5) ਬਾਬਾ ਖੇਮ ਸਿੰਘ ਬੇਦੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਚੇਚੇ ਗਦੇਲੇ ਲਗਾਕੇ ਨਾ ਬੈਠਣ ਦੇਣਾ।

ਇਹ ਦੋਸ਼ ਲਗਾਕੇ 1887 ਨੂੰ “ਸਿੰਘ ਸਭਾ ਅੰਮ੍ਰਿਤਸਰ” ਅਤੇ ਤਖਤਾਂ ਦੇ ਪੁਜਾਰੀਆਂ ਨੇ ਪੋ.ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਕੱਢ ਦਿੱਤਾ।ਇਸ ਦੇ ਬਾਵਜੂਦ ਵੀ ਪ੍ਰੋ. ਗੁਰਮੁਖ ਸਿੰਘ ਜੀ ਨੇ ਥਾਂ ਥਾਂ ਜਾਂਕੇ ਆਪਣੇ ਗੁਰਮਤਿ ਵਿਖਿਆਨਾ ਰਾਹੀਂ ਆਪਣੀਆਂ ਲਿਖਤਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ।ਆਪ ਜੀ ਦੇ ਪ੍ਰਚਾਰ ਦੇ ਸਦਕਾ ਹੀ ਨਿੰਰਕਾਰੀਆਂ ਅਤੇ ਨਾਮਧਾਰੀਆਂ ਦੇ ਦੇਹਧਾਰੀਆਂ ਦੇ ਝੂਠੇ ਦਾਵਿਆ ਨੂੰ ਸਿੰਘ ਸਭਾ ਲਾਹੋਰ ਨੇ ਮੂਲੋ ਹੀ ਰੱਦ ਕਰ ਦਿਤਾ ਅਤੇ ਸਿਖ ਕੋਮ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਸਥਾਪਤ ਕਰ ਦਿਤਾ।

ਪ੍ਰੋ. ਗੁਰਮੁਖ ਸਿੰਘ ਜੀ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ 1892 ਵਿਚ “ਖਾਲਸਾ ਕਾਲਜ”ਅੰਮ੍ਰਿਤਸਰ ਦੀ ਨੀਂਹ ਰਖੀ ਗਈ।

ਪ੍ਰੋ. ਗੁਰਮੁਖ ਸਿੰਘ ਜੀ ਦੇ ਯਤਨਾ ਸਦਕਾ ਹੀ ਅੰਗਰੇਜ਼ ਅਫਸਰ ਮੈਕਸ ਆਰਥਰ ਮੈਕਾਲਿਫ ਨੇ ਡਿਸਟਿਕਟ ਜੱਜ ਦੀ ਪਦਵੀ ਤੋਂ ਅਸਤੀਫਾ ਦੇ ਕੇ “ਆਦਿ ਗੁਰੂ ਗੰ੍ਰਥ ਸਾਹਿਬ”ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤਾ।

ਪ੍ਰੋ. ਗੁਰਮੁਖ ਸਿੰਘ ਜੀ ਦੇ ਸਮੁਚੇ ਜੀਵਨ ਤੇ ਝਾਤ ਮਾਰਦਿਆਂ ਇਹ ਗੱਲ ਭਲੀ ਭਾਂਤ ਸਾਹਮਣੇ ਆਉਦੀ ਹੈਕਿ ਆਪ ਜੀ ਇਕ ਸੱਚੇ ਸੁੱਚੇ ਦ੍ਰਿੜ੍ਹ ਵਿਸ਼ਵਾਸ਼ੀ ਅਤੇ ਪ੍ਰਭਾਵਸ਼ਾਲੀ ਗੁਰਮੁਖ ਵਿਅਕਤੱਵ ਦੇ ਮਾਲਕ ਸਨ।ਆਪ ਜੀ ਦੇ ਮਨ ਵਿਚ ਸਿਖੀ ਪ੍ਰਤੀ ਅਥਾਹ ਪ੍ਰੇਮ ਸੀ।ਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ:”ਜਉ ਤਉ ਪ੍ਰੇਮ ਖੇਲਣ ਕਾ ਚਾਉ ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੇ।।”ਦੀ ਸਪੂਰੰਨ ਵਿਆਖਿਆ ਆਪ ਜੀ ਦੇ ਜੀਵਨ ਵਿਚੋ ਮਿਲ ਜਾਦੀ ਹੈ।

ਐਸੇ ਮਹਾਨ ਸਿਖ ਚਿੰਤਕ ਦਾ ਅਕਾਲ ਚਲਾਣਾ ਉਸ ਸਮੇ ਹੋਇਆ ਜਿਸ ਸਮੇ ਆਪ ਜੀ ਸਤੰਬਰ 1898 ਨੂੰ ਰਾਣਾ ਸਾਹਿਬ ਬਹਾਦਰ ਧੌਲਪੁਰ ਪਾਸੌਂ ਖਾਲਸਾ ਅਖਬਾਰ ਅਤੇ ਹੋਰ ਪੰਥ ਕਾਰਜਾਂ ਲਈ ਸਹਾਇਤਾ ਲੈਕੇ ਵਾਪਸ ਆਰਹੇ ਸਨ। ਰਸਤੇ ਵਿਚ ਸਹਿਤ ਠੀਕ ਨ ਹੋਣ ਕਾਰਣ ਕੰਡਾ ਘਾਟ,ਜ਼ਿਲਾ ਸ਼ਿਮਲਾ ਵਿਖੇ ਰੁਕ ਗਏ।24 ਸੰਤਬਰ ਦੇਰ ਰਾਤ ਗਈ ਤੱਕ ਲਿਖਤ ਪੜ੍ਹਤ ਦਾ ਕੰਮ ਨਿਪਟਾਉਣ ਉਪਰੰਤ ਐਸੇ ਨੀਦ ਵਿਚ ਬ੍ਰਿਾਜਮਾਨ ਹੋਏ ਕਿ ਮੁੜ ਨੀਦ ਵਿਚੋ ਉਠੇ ਹੀ ਨਹੀਂ।

ਪ੍ਰੋ. ਗੁਰਮੁਖ ਸਿੰਘ ਜੀ ਦੇ ਅਕਾਲ ਚਲਾਣੇ ਸਮੇਂ ਖਾਲਸਾ ਅਖਬਾਰ ਦੇ ਅੰਦਰ ਇਹ ਸਚਾਈ ਪ੍ਰਗਟ ਹੋਈ:

“ਸ਼ੋਕ ਹੈ ਤੇਰੇ ਪਰ ਐ ਖਾਲਸਾ ਕੋਮ!ਜੋ ਤੈਂ ਉਸ ਦਾ ਜੀਉਂਦੇ ਵੇਲੇ ਕਦਰ ਨਾ ਕੀਤੀ ,ਉਸ ਦੇ ਉਪਕਾਰਾ ਦੇ ਬਦਲੇ ਤੈਂ ਉਸ ਨੂੰ ਖਾਰਜਨਾਮਯਾਂ ਦਾ ਸਰਟੀਫੀਕੇਟ ਦਿਤਾ, ਜਿਸ ਤੇ ਹੁਨ ਤੂੰ ਉਸ ਦੇ ਗੁਣਾਂ ਨੂੰ ਯਾਦ ਕਰੇਂਗੀ ਅਰੁ ਝੁਰੇਂਗੀ”

ਸੌ ਸਾਲ ਬੀਤਣ ਤੌ ਬਆਦ ਕੌਮ ਨੂੰ ਥੋਹੜੀ ਜਿਹੀ ਹੋਸ਼ ਆਈ ਕਿ ਸੰਤਬਰ 1995 ਵਿਚ ਹੋਏ ਵਿਸ਼ਵ ਸੰਮੇਲਨ ਵਿਚ ਪ੍ਰੋ. ਗੁਰਮੁਖ ਸਿੰਘ ਜੀ ਨੂੰ ਛੇਕਣ ਵਾਲਾ ਹੁਕਮਨਾਮਾ ਵਾਪਸ ਲਿਆ ਗਿਆ।

ਆਓ,ਐਸੇ ਨਿਧੱੜਕ ਸੱਚੇ ਜਰਨੈਲ,ਪੰਥ ਦੇ ਹਤੈਸ਼ੀ,”ਪੜਿਆ ਬੁਝੀਏ ਸੋ ਪਰਵਾਨ”ਦੇ ਪ੍ਰਵਾਨੇ ਪ੍ਰੋ.ਗੁਰਮੁਖ ਸਿੰਘ ਜੀ ਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਉਹਨਾ ਦੇ ਅਦੂਰੇ ਪਏ ਸੁਪਨਿਆ ਨੂੰ ਸਾਕਾਰ ਕਰਨ ਲਈ ਕਮਰ ਕਸੇ ਕਰ ਲਈਏ।